ਕਰਜ਼ਾ ਮੁਆਫੀ ਸਕੀਮ ਵਿੱਚ ਬਦਲਾਅ, ਹੁਣ ਇਸ ਜਿਲ੍ਹੇ ਦਾ ਕਰਜ਼ਾ ਮੁਆਫ਼ ਨਹੀਂ ਕਰਨਗੇ ਕੈਪਟਨ

 

ਜ਼ਿਲ੍ਹੇ ਦੇ ਕਸਬੇ ਨਕੋਦਰ ਵਿੱਚ ਅੱਜ ਮੁੱਖ ਮੰਤਰੀ ਵੱਲੋਂ ਕਰਜ਼ ਮੁਆਫੀ ਦੇ ਦੂਜੇ ਗੇੜ ਤਹਿਤ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫ਼ਿਕੇਟ ਵੰਡਣੇ ਹਨ। ਪਹਿਲਾਂ ਅੱਜ ਛੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਰਜ਼ ਮੁਕਤੀ ਪ੍ਰਮਾਣ ਪੱਤਰ ਦੇਣੇ ਸਨ ਪਰ ਸਮਾਗਮ ਤੋਂ ਕੁਝ ਸਮਾਂ ਪਹਿਲਾਂ ਸਰਕਾਰ ਨੇ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਰਜ਼ ਤੋਂ ਮੁਕਤ ਨਾ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਸਰਕਾਰ ਹੁਣ ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਦੇ 30,365 ਯੋਗ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ। ਕਰਜ਼ ਮੁਆਫ਼ੀ ਦੀ ਦੂਜੀ ਕਿਸ਼ਤ ਜਾਰੀ ਕਰਨ ਵਿੱਚ ਸਰਕਾਰ ਦਾ ਤਕਰੀਬਨ 162 ਕਰੋੜ ਰੁਪਏ ਖ਼ਰਚ ਆਵੇਗਾ।

ਬੀਤੀ ਸ਼ਾਮ ਤਕ ਸਰਕਾਰ ਨੇ ਮੋਗਾ, ਲੁਧਿਆਣਾ, ਜਲੰਧਰ, ਕਪੂਰਥਲਾ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਦੇ ਯੋਗ ਕਿਸਾਨਾਂ ਨੂੰ ਕਰਜ਼ ਤੋਂ ਰਾਹਤ ਦੇਣੀ ਸੀ ਪਰ ਹੁਣ ਇਸ ਵਿੱਚੋਂ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪਹਿਲਾਂ ਸਰਕਾਰ ਨੇ ਇਨ੍ਹਾਂ ਛੇ ਜ਼ਿਲ੍ਹਿਆਂ ਦੇ 40 ਹਜ਼ਾਰ ਕਿਸਾਨਾਂ  ਦਾ ਕਰਜ਼ ਮੁਆਫ਼ ਕਰਨਾ ਸੀ।

ਸਰਕਾਰ 14 ਮਾਰਚ ਨੂੰ ਜੋ ਕਰਜ਼ ਮੁਕਤੀ ਦਾ ਪ੍ਰੋਗਰਾਮ ਕਰਨ ਜਾ ਰਹੀ ਹੈ, ਪਹਿਲੇ ਐਲਾਨ ਦੇ ਮੁਤਾਬਕ 31 ਜਨਵਰੀ 2018 ਤਕ ਕੀਤਾ ਜਾਣਾ ਸੀ। ਪਰ ਸਰਕਾਰ ਵੱਲੋਂ ਲਾਏ ‘ਬਹਾਨਿਆਂ’ ਕਾਰਨ ਇਸ ਵਿੱਚ ਦੇਰੀ ਹੋ ਗਈ।

ਉਂਝ ਮੁੱਖ ਮੰਤਰੀ ਨੇ ਕਈ ਵਾਰ ਕਿਹਾ ਵੀ ਸੀ ਕਿ ਦੇਰੀ ਇਸ ਲਈ ਹੋ ਰਹੀ ਹੈ ਕਿ ਇਸ ਵਾਰ ਸਾਰਾ ਕੁਝ ਸਹੀ ਹੋਵੇ ਪਰ ਗੜਬੜ ਫਿਰ ਤੋਂ ਹੋ ਗਈ ਹੈ। ਇੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਰਜ਼ ਤੋਂ ਰਾਹਤ ਨਾ ਦੇਣ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਪੂਰੀਆਂ ਲਿਸਟਾਂ ਤਿਆਰ ਨਹੀਂ ਹਨ।

ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸਨ। ਪਰ ਮਾਰਚ 2017 ਤੋਂ ਲੈ ਕੇ ਜਨਵਰੀ 2018 ਤਕ ਉਨ੍ਹਾਂ ਇਸ ਸਕੀਮ ਵਿੱਚ ਕਈ ਤਬਦੀਲੀਆਂ ਤੇ ਸ਼ਰਤਾਂ ਲਾ ਦਿੱਤੀਆਂ ਸਨ। ਹੁਣ ਸਰਕਾਰ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਸਿਰਫ਼ ਸਹਿਕਾਰੀ ਸਭਾਵਾਂ ਦਾ ਦੋ ਲੱਖ ਰੁਪਏ ਤਕ ਦਾ ‘ਫ਼ਸਲੀ ਕਰਜ਼ਾ’ ਮੁਆਫ਼ ਕਰ ਰਹੀ ਹੈ।

6 ਜਨਵਰੀ 2018 ਨੂੰ ਸਰਕਾਰ ਨੇ ਦੱਸਿਆ ਸੀ ਕਿ ਕਰਜ਼ ਮੁਆਫ਼ੀ ਦੀ ਪਹਿਲੀ ਕਿਸ਼ਤ ਵਿੱਚ 46,556 ਕਿਸਾਨਾਂ ਦਾ 167.39 ਕਰੋੜ ਰੁਪਏ ਮੁਆਫ਼ ਕੀਤਾ ਜਾਵੇਗਾ। ਉਦੋਂ ਸਰਕਾਰ ਨੇ ਅਧਿਕਾਰੀਆਂ ਤੇ ਕਿਸਾਨਾਂ ਦੇ ਮਨੋਰੰਜਨ ਤੇ ਭੀੜ ਇਕੱਠੀ ਕਰਨ ਖਾਤਰ ਗੁਰਦਾਸ ਮਾਨ ਦਾ ਅਖਾੜਾ ਲਵਾਇਆ ਸੀ,

ਜੋ 15 ਲੱਖ ਰੁਪਏ ਵਿੱਚ ਪਿਆ ਸੀ। ਇਸ ਵਾਰ ਮਾਸਟਰ ਸਲੀਮ ਨਕੋਦਰ ਦੀ ਦਾਣਾ ਮੰਡੀ ਵਿੱਚ ਆ ਕੇ ਆਪਣੀ ਪੇਸ਼ਕਾਰੀ ਦੇਣਗੇ। ਸਲੀਮ ਬਾਲੀਵੁੱਡ ਵਿੱਚ ਵੀ ਗਾਉਂਦੇ ਹਨ ਸੋ ਸਰਕਾਰ ਨੂੰ ਉਨ੍ਹਾਂ ਲਈ ਕਿੰਨੀ ਕੀਮਤ ਚੁਕਾਉਣੀ ਪੈਂਦੀ ਹੈ, ਇਹ ਸਮਾਂ ਹੀ ਦੱਸੇਗਾ।