ਚੋਰਾਂ ਨੇ ਕਿਸਾਨਾਂ ਦੀ ਨੀਂਦ ਤੇ ਪਾਵਰਕੌਮ ਦੇ ਫ਼ਿਊਜ਼ ਉਡਾਏ

 

ਖੇਤਾਂ ਵਿੱਚੋਂ ਬਿਜਲੀ ਟਰਾਂਸਫ਼ਾਰਮਰਾਂ ਦੇ ਚੋਰੀ ਦੀਆਂ ਵਾਰਦਾਤਾਂ ਕਾਰਨ ਕਿਸਾਨਾਂ ਦੀ ਨੀਂਦ ਤੇ ਪਾਵਰਕੌਮ ਦੇ ਫ਼ਿਊਜ਼ ਉੱਡ ਗਏ ਹਨ। ਥਾਣਾ ਧਰਮਕੋਟ ਅਧੀਨ ਪਿੰਡ ਭਿੰਡਰ ਕਲਾਂ ਵਿੱਚ ਸਿਰਫ਼ 7 ਦਿਨਾਂ ਵਿੱਚ ਕਿਸਾਨਾਂ ਦੀਆਂ 20 ਤੋਂ ਵੱਧ ਖੇਤੀ ਮੋਟਰਾਂ ਦੇ ਟਰਾਂਸਫ਼ਾਰਮਰ ਤੇ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਕਿਸਾਨ ਚਿੰਤਤ ਹਨ।

ਪੀੜਤ ਕਿਸਾਨਾਂ ਦਾ ਦੋਸ਼ ਹੈ ਕਿ ਭਾਵੇਂ ਚੋਰੀ ਹੋਏ ਟਰਾਂਸਫ਼ਾਰਮਰਾਂ ਦੀ ਰਿਪੋਰਟ ਤਾਂ ਪੁਲੀਸ ਦਰਜ ਕਰ ਲੈਂਦੀ ਹੈ ਪਰ ਚੋਰਾਂ ਦਾ ਪਤਾ ਲਗਾਉਣ ਵਿੱਚ ਪੁਲੀਸ ਅਸਫ਼ਲ ਰਹਿੰਦੀ ਹੈ। ਇਹ ਵਾਰਦਾਤਾਂ ਘਟਣ ਦੀ ਥਾਂ ਹੋਰ ਵਧ ਰਹੀਆਂ ਹਨ।

ਕਿਸਾਨ ਗੁਰਭਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਟਰਾਂਸਫਾਰਮਰ ਚੋਰੀ ਹੁੰਦੇ ਸਨ ਹੁਣ ਚੋਰ ਟਰਾਸਫਾਰਮਰਾਂ ਵਿੱਚੋਂ ਤੇਲ ਕੱਢ ਲੈਣ ਬਾਅਦ ਉਸੇ ਤਰ੍ਹਾਂ ਹੀ ਪੇਚ ਕੱਸ ਜਾਂਦੇ ਹਨ। ਮੋਟਰ ਦੀ ਸਵਿੱਚ ਆਨ ਕਰਨ ਨਾਲ ਹੀ ਅਜਿਹੀ ਚੋਰੀ ਦਾ ਪਤਾ ਲਗਦਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਤੇਲ ਚੋਰੀ ਹੋਣ ਬਾਅਦ ਪਾਵਰਕੌਮ ਅਧਿਕਾਰੀ ਮੁੜ ਤੇਲ ਨਹੀਂ ਦਿੰਦੇ ਜਿਸ ਕਰਕੇ ਕਿਸਾਨਾਂ ਨੂੰ ਆਪਣੇ ਪੱਧਰ ਤੇ ਹੀ ਪੱਲਿਓਂ ਖਰਚ ਕਰਕੇ ਤੇਲ ਪਵਾਉਣਾ ਪੈਂਦਾ ਹੈ। ਇਸ ਪਿੰਡ ਦੇ ਹੋਰਨਾਂ ਕਿਸਾਨਾਂ ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖ਼ੇਤੀ ਮੋਟਰਾਂ ਦੇ ਟਰਾਸਫਾਰਮਰ ਵੀ ਚੋਰਾਂ ਦਾ ਨਿਸ਼ਾਨਾ ਬਣ ਚੁੱਕੇ ਹਨ।

ਪਿੰਡ ਦੇ ਕੁੱਝ ਕਿਸਾਨ ਤਾਂ ਹੁਣ ਤੱਕ 2-2 ਵਾਰੀ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਖ਼ੇਤੀ ਮੋਟਰਾਂ ਦੇ ਟਰਾਸਫਾਰਮਰਾਂ ਵਿੱਚ ਤੇਲ ਪਵਾ ਚੁੱਕੇ ਹਨ। ਥਾਣਾ ਧਰਮਕੋਟ ਦੇ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਿਸਾਨਾਂ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਚੋਰਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਾਵਰਕੌਮ ਸਬ ਡਿਵੀਜ਼ਨ ਭਿੰਡਰ ਕਲਾਂ ਦੇ ਉਪ ਮੰਡਲ ਅਧਿਕਾਰੀ ਗੁਰਦਾਸ ਚੰਦ ਨੇ ਮੰਨਿਆ ਕਿ ਇਸ ਖ਼ੇਤਰ ਵਿਚ ਖ਼ੇਤੀ ਮੋਟਰਾਂ ’ਤੇ ਲੱਗੇ ਟਰਾਂਸਫਾਰਮਰਾਂ ਦੇ ਚੋਰੀ ਹੋਣ ਦੀਆਂ ਘਟਨਾਵਾਂ ਵਧ ਰਹੀਆ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਕਿਸਾਨਾਂ ਦੀ ਐਫ਼ਆਈਆਰ ਦਰਜ ਹੋ ਜਾਂਦੀ ਹੈ ਉਸ ਅਧਾਰ ਉੱਤੇ ਜਿਹੜੇ ਕਿਸਾਨ ਦੇ ਟਰਾਂਸਫ਼ਾਰਮਰ ਵਿੱਚੋਂ ਤੇਲ ਆਦਿ ਚੋਰੀ ਹੁੰਦਾ ਹੈ ਉਸ ਨੂੰ ਦਿੱਤਾ ਜਾਂਦਾ ਹੈ।