ਵੱਡੀ ਸਿਰਦਰਦੀ ਬਣੀ ਝੋਨੇ ਦੀ ਪਰਾਲੀ ਨੂੰ ਆਰਗੈਨਿਕ ਖਾਦ ਬਣਾਉਣ ਦਾ ਹੱਲ ਲੱਭਦਿਆਂ ਖੇਤੀਬਾੜੀ ਵਿਭਾਗ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਡਟ ਗਿਆ ਹੈ। ਖੇਤਾਂ ਵਿਚ ਹੀ ਵੱਡੇ ਟੋਏ ਪੁੱਟ ਕੇ ਉਸ ਵਿਚ ਪਰਾਲੀ ਨੂੰ ਦੱਬ ਕੇ ਦੇਸੀ ਖਾਦ ਬਣਾਉਣ ਦਾ ਢੰਗ ਤਰੀਕਾ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਨੇ ਤਜਰਬੇ ਦੇ ਤੌਰ ’ਤੇ ਜ਼ਿਲੇ ਦੇ ਮਾਲੀ ਨੰਗਲ ਪਿੰਡ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਵਿਸ਼ੇਸ਼ ਤਰੀਕੇ ਰਾਹੀਂ 4 ਫੁੱਟ ਡੂੰਘਾ, 20 ਫੁੱਟ ਲੰਬਾ ਅਤੇ 8 ਫੁੱਟ ਚੌੜਾ ਟੋਇਆ ਪੁੱਟ ਕੇ ਉਸ ਵਿੱਚ ਗਊ ਗੋਬਰ ਅਤੇ ਲਗਭਗ 2.5 ਟਨ ਪਰਾਲੀ ਨੂੰ ਮਿੱਟੀ ਨਾਲ ਢੱਕ ਦਿੱਤਾ ਅਤੇ ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਖੋਲ੍ਹਿਆ ਜਾਵੇਗਾ।
ਖੇਤੀਬਾੜੀ ਵਿਭਾਗ ਨੇ ਵਧੀਕ ਡਿਪਟੀ ਕਮਿਸ਼ਨਰ ਭੁਪਿੰਦਰਪਾਲ ਸਿੰਘ ਦੀ ਹਾਜ਼ਰੀ ਵਿਚ ਪਿੰਡ ਮਾਲੀ ਨੰਗਲ ਵਿਚ ਕਿਸਾਨਾਂ ਦੇ ਖੇਤਾਂ ਵਿਚ ਵੱਡੇ ਟੋਏ ਪੁੱਟ ਕੇ ਪਰਾਲੀ ਨੂੰ ਦੱਬਣ ਦੀ ਸ਼ੁਰੂਆਤ ਕੀਤੀ ਤੇ ਇਸ ਨੂੰ ਹੋਰ ਪਿੰਡਾਂ ਵਿਚ ਵੀ ਅਪਣਾਇਆ ਜਾਵੇਗਾ। ਇਸ ਮੁਹਿੰਮ ਦਾ ਮੁੱਖ ਮੰਤਵ ਕਿਸਾਨਾਂ ਵਿੱਚ ਪਰਾਲੀ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਹੈ। ਵਧੀਕ ਡਿਪਟੀ ਕਮਿਸ਼ਨਰ ਦੇ ਨਾਲ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਹ ਦਬਾਈ ਗਈ ਪਰਾਲੀ ਅਗਲੇ ਝੋਨਾ ਦੀ ਬਜਾਈ ਸੀਜ਼ਨ ਤੱਕ ਕੰਪੋਸਟ ਖਾਦ ਦਾ ਰੂਪ ਧਾਰਨ ਕਰ ਜਾਵੇਗੀ ਜੋ ਕਿ ਖਾਦ ਦੀ ਜਗ੍ਹਾ ਉਪਯੋਗ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਹ ਜੈਵਿਕ ਖਾਦ ਇੱਕ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਏਗੀ ਅਤੇ ਨਾਲ ਹੀ ਕਿਸਾਨਾਂ ਦੇ ਖਾਦ ਆਦਿ ਦੇ ਖਰਚੇ ਨੂੰ ਵੀ ਘਟਾਏਗੀ। ਇਸ ਮੌਕੇ ਪਿੰਡ ਵਾਸੀਆ ਅਤੇ ਸਰਪੰਚ ਬਲਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਉਹ ਇਸ ਨੇਕ ਕੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਚੀਨਾ ਅਤੇ ਖੇਤੀਬਾੜੀ ਅਫਸਰ ਡਾ. ਨਰੇਸ਼ ਗੁਲਾਟੀ ਵੀ ਹਾਜ਼ਰ ਸਨ।
ਆਲੂਆਂ ਅਤੇ ਕਣਕ ਦੀ ਬਿਜਾਈ ਦੇ ਕੰਮ ਵਿਚ ਤੇਜ਼ੀ ਹੋਣ ਕਾਰਨ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਦੀ ਥਾਂ ਅੱਗਾਂ ਲਾਉਣ ਨੂੰ ਤਰਜੀਹ ਦਿੱਤੀ ਹੈ। ਅੱਗਾਂ ਲੱਗਣ ਦੀਆਂ ਵਧੀਆਂ ਘਟਨਾਵਾਂ ਨਾਲ ਜਿਥੇ ਪਿਛਲੇ ਦੋ-ਤਿੰਨ ਦਿਨਾਂ ਤੋਂ ਧੁੰਦ ਤੇ ਧੂੰਏਂ ਕਾਰਨ ਦੁਰਘਟਨਾਵਾਂ ਵਧੀਆਂ ਹਨ ਉਥੇ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਪਰਾਲੀ ਦੇ ਧੂੰਏੇਂ ਕਾਰਨ ਵਧਿਆ ਪ੍ਰਦੂਸ਼ਣ ਘਟਣ ਦਾ ਨਾਂ ਨਹੀਂ ਲੈ ਰਿਹਾ।
ਪੰਜਾਬ ਸਰਕਾਰ ਨੇ ਵੀ ਐਤਵਾਰ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨੂੰ ਨਾ ਸਾੜੇ ਜਾਣ ਬਾਰੇ ਕੀਤੀ ਗਈ ਸਖਤੀ ਪੂਰੀ ਤਰ੍ਹਾਂ ਬੇਅਸਰ ਨਜ਼ਰ ਆਈ। ਐਨ.ਜੀ.ਟੀ. ਦੇ ਦਬਾਅ ਕਾਰਨ ਪਹਿਲਾਂ ਪੰਜਾਬ ਸਰਕਾਰ ਨੇ 9 ਵਿਭਾਗਾਂ ਦੀ ਡਿਊਟੀ ਇਸ ਗੱਲ ’ਤੇ ਲਾਈ ਸੀ ਕਿ ਉਹ ਹਰ ਪਿੰਡ ਵਿਚ ਨਜ਼ਰ ਰੱਖਣਗੇ ਤੇ ਕਿਸਾਨਾਂ ਨੂੰ ਇਹ ਡਰਾਵੇ ਵੀ ਦਿੱਤੇ ਗਏ ਸਨ ਕਿ ਜੇਕਰ ਉਨ੍ਹਾਂ ਨੇ ਪਰਾਲੀ ਸਾੜੀ ਤਾਂ ਖੇਤੀ ਲਈ ਮਿਲ ਰਹੀਆਂ ਸਬਸਿਡੀਆਂ ’ਤੇ ਲਾਲ ਲੀਕ ਫੇਰ ਦਿੱਤੀ ਜਾਵੇਗੀ।