Breaking News

ਚੋਖਾ ਲਾਭ ਲੈਣ ਲਈ ਇਸ ਤਰਾਂ ਆਪ ਤਿਆਰ ਕਰੋ ਕਣਕ ਦਾ ਬੀਜ

 

ਕਿਸਾਨ ਵੀਰੋ, ਬੀਜ ਕਿਸੇ ਵੀ ਫ਼ਸਲ ਦਾ ਨੀਂਹ-ਪੱਥਰ ਹੈ। ਬੀਜ ਵਧੀਆ ਹੋਵੇਗਾ ਤਾਂ ਉਸ ਤੋਂ ਹੋਣ ਵਾਲੀ ਫ਼ਸਲ ਵੀ ਕਾਮਯਾਬ ਹੋਵੇਗੀ ਅਤੇ ਝਾੜ ਵੀ ਵੱਧ ਆਵੇਗਾ। ਇਸ ਲਈ ਵਧੀਆ ਬੀਜ, ਵਧੀਆ ਫ਼ਸਲ, ਭਰਪੂਰ ਲਾਭ, ਇਹ ਤਿੰਨ ਗੱਲਾਂ ਆਪਸ ਵਿਚ ਕਾਫੀ ਮੇਲ ਖਾਂਦੀਆਂ ਹਨ। ਕਿਸਾਨ ਵੀਰੋ ! ਬੀਜ ਉਹੀ ਬੀਜੋ ਜਿਹੜਾ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ। ਅੱਜ ਦਾ ਕਿਸਾਨ ਕਾਫੀ ਸੂਝਵਾਨ ਹੈ ਇਸ ਲਈ ਜੇਕਰ ਉਹ ਖੁਦ ਬੀਜ ਉਤਪਾਦਨ ਕਰਨਾ ਸ਼ੁਰੂ ਕਰੇ ਤਾਂ ਇਸ ਨਾਲ ਖਰਚਾ ਵੀ ਘੱਟ ਆਉਂਦਾ ਹੈ ਅਤੇ ਲੋੜ ਮੁਤਾਬਿਕ ਬੀਜ ਵੀ ਤਿਆਰ ਹੋ ਜਾਂਦਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਜਿਹੜੀਆਂ ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਨ੍ਹਾਂ ਦਾ ਬੀਜ ਜਿੰਨਾਂ ਕੁ ਹੁੰਦਾ ਹੈ ਉਹ ਕਿਸਾਨ ਵੀਰਾਂ ਨੂੰ ਦੇ ਦਿੱਤਾ ਜਾਂਦਾ ਹੈ, ਉਸੇ ਬੀਜ ਤੋਂ ਤੁਸੀਂ ਅਗਲੇ ਸਾਲ ਲਈ ਵੱਧ ਬੀਜ ਤਿਆਰ ਕਰ ਸਕਦੇ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਇਸ ਮੁਢਲੇ ਬੀਜ ਨੂੰ (ਫਾਊਂਡੇਸ਼ਨ, ਸਰਟੀਫਾਈਡ ਜਾਂ ਟੀ ਐਲ) ਆਪਣੇ ਖੇਤ ਵਿਚ ਬੀਜ ਕੇ ਅਗਲੇ ਸਾਲ ਲਈ ਬੀਜ ਤਿਆਰ ਕਰ ਸਕਦੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਖੇਤੀਬਾੜੀ ਵਿਭਾਗ ਪੰਜਾਬ, ਪਨਸੀਡ ਅਤੇ ਰਾਸ਼ਟਰੀ ਬੀਜ ਨਿਗਮ ਆਦਿ ਕੁਝ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ਤੋਂ ਅਸੀਂ ਬੀਜ ਪ੍ਰਾਪਤ ਕਰ ਸਕਦੇ ਹਾਂ। ਹੁਣ ਇਹ ਗੱਲ ਆਉਂਦੀ ਹੈ ਕਿ ਵਧੀਆ ਬੀਜ ਕਿਵੇਂ ਤਿਆਰ ਕੀਤਾ ਜਾਵੇ, ਇਸ ਵਾਸਤੇ ਜਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਇਸ ਲੇਖ ਰਾਹੀਂ ਦੱਸੀਆਂ ਜਾ ਰਹੀਆਂ ਹਨ।

ਕਿਸਮ ਦੀ ਚੋਣ : ਕਿਸਮ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਇਹ ਵੇਖੋ ਕਿ ਅਸੀਂ ਕਿਨ੍ਹਾਂ ਹਾਲਤਾਂ ਵਾਸਤੇ ਬੀਜ ਤਿਆਰ ਕਰਨਾ ਹੈ ਅਤੇ ਹਮੇਸ਼ਾ ਪ੍ਰਮਾਣਿਤ ਕਿਸਮ ਦੀ ਹੀ ਚੋਣ ਕਰਨੀ ਚਾਹੀਦੀ ਹੈ। ਪ੍ਰਮਾਣਿਤ ਕਿਸਮਾਂ ਦਾ ਝਾੜ ਵੀ ਵੱਧ ਆਉਂਦਾ ਹੈ ਅਤੇ ਬਿਮਾਰੀਆਂ ਤੋਂ ਵੀ ਰਹਿਤ ਹੁੰਦੀਆਂ ਹਨ। ਸਮੇਂ-ਸਿਰ ਬਿਜਾਈ ਲਈ, ਪਛੇਤੀ ਬਿਜਾਈ ਲਈ ਅਲੱਗ-ਅਲੱਗ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਲੋੜ ਮੁਤਾਬਿਕ ਕਿਸਮਾਂ ਦੀ ਚੋਣ ਕਰ ਲੈਣੀ ਚਾਹੀਦੀ ਹੈ।

ਖੇਤ ਦੀ ਚੋਣ ਤੇ ਦੂਜੀਆਂ ਕਿਸਮਾਂ ਤੋਂ ਉਚਿੱਤ ਦੂਰੀ : ਕਣਕ ਦੀ ਫ਼ਸਲ ਵਾਸਤੇ ਤਕਰੀਬਨ 1:40 ਦਾ ਬੀਜ ਉਤਪਾਦਨ ਅਨੁਪਾਤ ਹੈ। ਕਿੰਨਾ ਰਕਬਾ ਬੀਜਣਾ ਹੈ ਇਹ ਇਸ ਗੱਲ ‘ਤੇ ਆਧਾਰਿਤ ਹੁੰਦਾ ਹੈ ਕਿ ਅਗਲੇ ਸਾਲ ਕਿਹੜੀ ਕਿਸਮ ਥੱਲੇ ਕਿੰਨਾ ਰਕਬਾ ਰੱਖਣਾ ਹੈ। ਖੇਤ ਦੀ ਚੋਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤ ਨਦੀਨਾ ਅਤੇ ਸਿਉਂਕ ਤੋਂ ਰਹਿਤ ਹੋਵੇ, ਪਾਣੀ ਉਸ ਨੂੰ ਸਹੀ ਢੰਗ ਨਾਲ ਲੱਗ ਸਕੇ, ਖੇਤ ਵਿਚ ਘੁੰਮਣ ਵਾਸਤੇ ਕੋਈ ਮੁਸ਼ਕਿਲ ਨਾ ਹੋਵੇ, ਹੋ ਸਕੇ ਤਾਂ ਖੇਤ ਮੋਹਰੀ ਸੜਕ ‘ਤੇ ਹੋਣਾ ਚਾਹੀਦਾ ਹੈ। ਬੀਜ ਵਾਲੇ ਖੇਤ ਤੋਂ ਦੂਸਰੇ ਖੇਤ ਦਾ ਚਾਰੇ ਪਾਸਿਆਂ ਤੋਂ 3 ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ ਤਾਂ ਜੋ ਨਵੀਂ ਕਿਸਮ ਨੂੰ ਦੂਸਰੀ ਕਿਸਮ ਦੇ ਪਰ-ਪ੍ਰਾਗਣ ਤੋਂ ਬਚਾਉਣ ਦੇ ਨਾਲ-ਨਾਲ ਆਮ ਰਲਾਵਟ ਤੋਂ ਵੀ ਬਚਾਇਆ ਜਾ ਸਕੇ।

ਬੀਜ ਦੀ ਸੋਧ : ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਸਿਫਾਰਸ਼ ਕੀਤੀ ਕਿਸੇ ਵੀ ਦਵਾਈ ਨਾਲ ਸੋਧਿਆ ਜਾਵੇ, ਇਸ ਵਾਸਤੇ ਰੈਕਸਲ ਜਾਂ ਵੀਟਾਵੈਕਸ ਵਰਤੀ ਜਾ ਸਕਦੀ ਹੈ। ਜੇਕਰ ਬੀਜ ਪੈਦਾ ਕਰਨ ਵਾਲੇ ਖੇਤਾਂ ਵਿਚ ਬੀਜ ਦੀ ਮਿਕਦਾਰ ਆਮ ਫ਼ਸਲ ਵਾਸਤੇ ਸਿਫਾਰਸ਼ ਕੀਤੀ ਮਿਕਦਾਰ ਨਾਲੋਂ ਘੱਟ ਵਰਤੀਏ ਤਾਂ ਇਸ ਨਾਲ ਜਿਹੜੇ ਗ਼ੈਰ-ਕਿਸਮ ਦੇ ਬੂਟੇ ਉੱਗੇ ਹਨ, ਉਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਅਤੇ ਕੱਢਣ ਵਿਚ ਵੀ ਆਸਾਨੀ ਹੁੰਦੀ ਹੈ।  ਜੇਕਰ ਕਰਨਾਲ ਬੰਟ ਰੋਗ ਦੀ ਸ਼ਿਕਾਇਤ ਹੋਵੇ ਤਾਂ ਇਸ ਲਈ ਟਿਲਟ ਦਾ ਸਪਰੇਅ ਕਰ ਦੇਣਾ ਚਾਹੀਦਾ ਹੈ।

ਫ਼ਸਲਾਂ ਦਾ ਨਿਰੀਖਣ : ਬੀਜ ਵਾਲੀ ਫ਼ਸਲ ਦਾ ਸਮੇਂ-ਸਮੇਂ ‘ਤੇ ਨਿਰੀਖਣ ਕਰਨਾ ਜ਼ਰੂਰੀ ਹੁੰਦਾ ਹੈ, ਜਿਸ ਨਾਲ ਬੀਜ ਦੀ ਕੁਆਲਿਟੀ ਤੇ ਕਾਫੀ ਫਰਕ ਪੈਂਦਾ ਹੈ। ਗੈਰ ਕਿਸਮ ਦੇ ਬੂਟੇ, ਖੁਦ ਉੱਗੇ ਬੂਟੇ, ਨਦੀਨਾਂ ਦੇ ਬੂਟੇ ਅਤੇ ਬਿਮਾਰੀ ਵਾਲੇ ਬੂਟੇ ਬੀਜ ਵਾਲੀ ਫ਼ਸਲ ਵਿਚੋਂ ਪੂਰੀ ਤਰ੍ਹਾਂ ਕੱਢ ਦੇਣੇ ਚਾਹੀਦੇ ਹਨ। ਨਿਰੀਖਣ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ।

ਸਿੱਟੇ ਆਉਣ ਤੋਂ ਪਹਿਲਾਂ : ਬੀਜ ਵਾਲੀ ਫ਼ਸਲ ਵਿਚੋਂ ਸਿੱਟੇ ਆਉਣ ਤੋਂ ਪਹਿਲਾਂ ਧਿਆਨ ਨਾਲ ਨਿਰੀਖਣ ਕਰਕੇ ਸਾਰੇ ਗੈਰ ਕਿਸਮ ਦੇ ਬੂਟੇ, ਖੁਦ ਉੱਗੇ ਬੂਟੇ, ਨਦੀਨਾਂ ਦੇ ਬੂਟੇ ਅਤੇ ਬਿਮਾਰੀ ਵਾਲੇ ਬੂਟੇ ਕੱਢ ਦੇਣੇ ਚਾਹੀਦੇ ਹਨ।

ਸਿੱਟੇ ਆਉਣ ਤੇ : ਜਿਹੜੀਆਂ ਬੂਟਿਆਂ ਦੀ ਪਛਾਣ ਪਹਿਲਾਂ ਨਹੀਂ ਹੋ ਸਕੀ ਉਨ੍ਹਾਂ ਨੂੰ ਸਿੱਟੇ ਆਉਣ ‘ਤੇ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਇਨ੍ਹਾਂ ਗੈਰ ਬੂਟਿਆਂ ਨੂੰ ਸਿੱਟੇ ਆਉਣ ‘ਤੇ ਝੱਟ ਬਾਹਰ ਕੱਢ ਦੇਣਾ ਚਾਹੀਦਾ ਹੈ।

ਫ਼ਸਲ ਪੱਕਣ ‘ਤੇ : ਸਿੱਟੇ ਦੇ ਰੰਗ ਤੋਂ ਆਸਾਨੀ ਨਾਲ ਗ਼ੈਰ-ਕਿਸਮ ਦੇ ਬੂਟਿਆਂ ਨੂੰ ਪਛਾਣ ਸਕਦੇ ਹਾਂ। ਲਾਲ ਰੰਗ ਦੇ ਸਿੱਟੇ ਵਾਲੇ ਬੂਟੇ ਕੱਢ ਦੇਣੇ ਚਾਹੀਦੇ ਹਨ।ਨਿਰੀਖਣ ਕਰਦਿਆਂ ਅਤੇ ਗ਼ੈਰ-ਕਿਸਮ ਦੇ ਬੂਟੇ ਕੱਢਦਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸੂਰਜ ਤੁਹਾਡੇ ਪਿਛਲੇ ਪਾਸੇ ਜਾਂ ਇਕ ਪਾਸੇ ਹੋਵੇ, ਨਾ ਕਿ ਸਾਹਮਣੇ। ਇਸ ਤਰ੍ਹਾਂ ਗ਼ੈਰ-ਬੂਟੇ ਪਛਾਣਨ ਵਿਚ ਆਸਾਨੀ ਹੁੰਦੀ ਹੈ।

ਬੀਜ ਫ਼ਸਲ ਦੀ ਕਟਾਈ, ਗਹਾਈ ਅਤੇ ਗੁਦਾਮ ਵਿਚ ਸਾਂਭ-ਸੰਭਾਲ

  •  ਬੀਜ ਵਾਲੀ ਫ਼ਸਲ ਨੂੰ ਚੰਗੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਹੀ ਕੱਟਣਾ ਚਾਹੀਦਾ ਹੈ ਤਾਂ ਕਿ ਉਸ ਵਿਚ ਨਮੀ ਦੀ ਮਾਤਰਾ ਘਟ ਜਾਵੇ।
  • ਕਟਾਈ ਅਤੇ ਗਹਾਈ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਦੂਸਰੀਆਂ ਕਿਸਮਾਂ ਦੇ ਬੀਜ ਨਾਲ ਕਿਸੇ ਵੀ ਤਰ੍ਹਾਂ ਦਾ ਰਲੇਵਾਂ ਨਾ ਹੋ    ਜਾਵੇ।
  •  ਬੀਜ ਨੂੰ ਚੰਗੀ ਤਰ੍ਹਾਂ ਨਾਲ ਧੁੱਪ ਲਗਾਉਣੀ ਚਾਹੀਦੀ ਹੈ ਤਾਂ ਜੋ ਨਮੀ ਦੀ ਮਾਤਰਾ 12 ਫ਼ੀਸਦੀ ਤੋਂ ਘਟ ਜਾਵੇ।
  • ਬੀਜ ਨੂੰ ਨਵੀਆਂ ਬੋਰੀਆਂ ਵਿਚ ਹੀ ਪਾਓ।
  •  ਬੀਜ ਨੂੰ ਸੁਸਰੀ ਅਤੇ ਦੂਜੇ ਕੀੜਿਆਂ ਤੋਂ ਬਚਾਉਣਾ ਚਾਹੀਦਾ ਹੈ।
  • ਬੀਜ ਵਾਲੀ ਬੋਰੀ ਵਿਚ ਵੀ ਇਕ ਲੇਬਲ ਪਾਉਣਾ ਚਾਹੀਦਾ ਹੈ ਤਾਂ ਜੋ ਉਪਰ ਵਾਲਾ ਲੇਬਲ ਫਟ ਜਾਵੇ ਤਾਂ ਵਿਚ ਵਾਲੇ ਲੇਬਲ ਨਾਲ ਕਿਸਮ ਦਾ ਪਤਾ ਲੱਗ ਜਾਵੇ।
  • ਬੀਜ ਦੀ ਉੱਗਣ ਸ਼ਕਤੀ ਵੀ ਪਰਖ ਕਰ ਲੈਣੀ ਚਾਹੀਦੀ ਹੈ, ਇਸ ਕੰਮ ਵਾਸਤੇ ਦੋ ਨਵੀਆਂ ਬੋਰੀਆਂ ਪਾਣੀ ਵਿਚ ਭਿਉਂ ਦਿਉ। ਇਕ ਬੋਰੀ ਨੂੰ ਫਰਸ਼ ‘ਤੇ ਰੱਖ ਲਉ ਤੇ ਉਸ ਉਤੇ 100 ਦਾਣੇ ਗਿਣ ਕੇ ਰੱਖ ਲਉ। ਦੂਜੀ ਬੋਰੀ ਉਸ ਦੇ ਉਪਰ ਰੱਖ ਦਿਉ। ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਪਾਣੀ ਛਿੜਕਦੇ ਰਹੋ। ਤਕਰੀਬਨ ਪੰਜਵੇਂ ਦਿਨ ਬੀਜ ਉੱਗ ਜਾਣਗੇ ਅਤੇ ਉੱਗੇ ਹੋਏ ਦਾਣਿਆਂ ਦੀ ਗਿਣਤੀ ਕਰਕੇ ਉੱਗਣ ਸ਼ਕਤੀ ਵੇਖੀ ਜਾ ਸਕਦੀ ਹੈ।ਇਸ ਤਰ੍ਹਾਂ ਇਨ੍ਹਾਂ ਨਾਲ ਤਿਆਰ ਬੀਜ ਵਧੀਆ ਕੁਆਲਿਟੀ ਦਾ ਹੋਵੇਗਾ, ਜਿਸ ਨਾਲ ਅਗਲੇ ਸਾਲ ਵਧੀਆ ਪੈਦਾਵਾਰ ਹੋਵੇਗੀ। ਬੀਜ ਤਿਆਰ ਕਰਨ ਵੇਲੇ ਉਪਰੋਕਤ ਦਿੱਤੀਆਂ ਸਾਰੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

              ਵੀਰਇੰਦਰ ਸਿੰਘ ਸੋਹੂ ਅਤੇ ਗੁਰਵਿੰਦਰ ਸਿੰਘ ਮਾਵੀ
              ਕਣਕ ਭਾਗ, ਪਲਾਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …