ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਸੈਂਕੜੇ ਅਵਾਰਾ ਪਸ਼ੂਆਂ ਨੂੰ ਟਰਾਲੀਆਂ ਵਿੱਚ ਲੱਦ ਕੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਲੈ ਆਏ, ਜਿਸ ਕਰਕੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਚਿੰਤਾ ਬਣੀ ਰਹੀ।
ਪੁਲੀਸ ਨੇ ਸਕੱਤਰੇਤ ਦੇ ਸਾਰੇ ਗੇਟ ਬੰਦ ਕਰ ਦਿੱਤੇ ਤੇ ਪਸ਼ੂਆਂ ਵਾਲੀ ਕੋਈ ਵੀ ਟਰਾਲੀ ਸਕੱਤਰੇਤ ਦੇ ਅੰਦਰ ਨਹੀਂ ਜਾਣ ਦਿੱਤੀ। ਮਗਰੋਂ ਕਿਸਾਨਾਂ ਨੇ ਸੌ ਤੋਂ ਵੱਧ ਅਵਾਰਾ ਪਸ਼ੂਆਂ ਨੂੰ ਸਕੱਤਰੇਤ ਦੇ ਪਿਛਲੇ ਪਾਸੇ ਅਨਾਜ ਮੰਡੀ ਵਿੱਚ ਛੱਡ ਦਿੱਤਾ। ਫ਼ਰੀਦਕੋਟ ਜ਼ਿਲ੍ਹੇ ਵਿੱਚ ਕਰੀਬ ਸਵਾ ਲੱਖ ਹੈਕਟੇਅਰ ਕਣਕ ਦੀ ਬਿਜਾਈ ਹੋਈ ਹੈ। ਕਰੀਬ ਸਾਰੀ ਫ਼ਸਲ ਅਵਾਰਾ ਪਸ਼ੂਆਂ ਦੀ ਮਾਰ ਹੇਠ ਹੈ।
ਕਿਸਾਨ ਪਿਛਲੇ ਚਾਰ ਸਾਲਾਂ ਤੋਂ ਅਵਾਰਾ ਪਸ਼ੂਆਂ ਦੀ ਸੰਭਾਲ ਦੀ ਮੰਗ ਕਰ ਰਹੇ ਹਨ। ਪੰਜਾਬ ਸਰਕਾਰ ਗਊ ਸੈੱਸ ਦੇ ਨਾਮ ’ਤੇ ਹਰ ਮਹੀਨੇ ਪੰਜਾਬ ਦੇ ਲੋਕਾਂ ਤੋਂ 800 ਕਰੋੜ ਰੁਪਏ ਟੈਕਸ ਲੈਂਦੀ ਹੈ, ਇਸ ਦੇ ਬਾਵਜੂਦ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਅਵਾਰਾ ਪਸ਼ੂਆਂ ਦੇ ਝੁੰਡ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰ ਰਹੇ ਹਨ ਤੇ ਕਿਸਾਨਾਂ ਨੂੰ ਰਾਤ ਸਮੇਂ ਖੇਤਾਂ ਵਿੱਚ ਜਾਗਣਾ ਪੈਂਦਾ ਹੈ।
ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਲਿਆਂਦੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਭੇਜਣ ਦੀ ਮੰਗ ਕੀਤੀ। ਪ੍ਰਸ਼ਾਸਨ ਨੇ ਅਵਾਰਾ ਪਸ਼ੂਆਂ ਨੂੰ ਨਾ ਤਾਂ ਗਊਸ਼ਾਲਾ ਵਿੱਚ ਭੇਜਣ ਪ੍ਰਤੀ ਸਹਿਮਤੀ ਦਿੱਤੀ ਅਤੇ ਨਾ ਹੀ ਸਕੱਤਰੇਤ ਵਿੱਚ ਪਸ਼ੂ ਛੱਡਣ ਦਿੱਤੇ।
ਪੁਲੀਸ ਨੇ ਸਕੱਤਰੇਤ ਦੇ ਸਾਰੇ ਗੇਟ ਬੰਦ ਕਰ ਦਿੱਤੇ ਤੇ ਪਸ਼ੂਆਂ ਵਾਲੀ ਕੋਈ ਟਰਾਲੀ ਸਕੱਤਰੇਤ ਦੇ ਅੰਦਰ ਨਹੀਂ ਜਾਣ ਦਿੱਤੀ। ਇਸ ’ਤੇ ਕਿਸਾਨਾਂ ਨੇ ਸੌ ਤੋਂ ਵੱਧ ਅਵਾਰਾ ਪਸ਼ੂਆਂ ਨੂੰ ਸਕੱਤਰੇਤ ਦੇ ਪਿਛਲੇ ਪਾਸੇ ਅਨਾਜ ਮੰਡੀ ਵਿੱਚ ਛੱਡ ਦਿੱਤਾ।