ਬਹੁਤ ਸਾਰੇ ਲੋਕ ਆਪਣੇ ਬੁਰੇ ਹਾਲਾਤਾਂ ਵਾਸਤੇ ਆਪਣੀ ਕਿਸਮਤ ਜਾ ਹਾਲਾਤਾਂ ਨੂੰ ਜੁੰਮੇਵਾਰ ਮੰਨਦੇ ਪਰ ਜਿਸਨੇ ਕਾਮਯਾਬ ਹੋਣਾ ਹੁੰਦਾ ਹੈ ਉਹ ਬਹਾਨੇ ਨਹੀਂ ਲੱਭਦਾ ਪ੍ਰਿਤਪਾਲ ਸਿੰਘ ਅਜਿਹਾ ਹੀ ਕਿਸਾਨ ਹੈ ਜਿਸਨੇ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਅੱਜ ਇਕ ਸਫਲ ਡੇਅਰੀ ਉਤਪਾਦਕ ਦਾ ਮਾਨ ਹਾਸਿਲ ਕੀਤਾ ਹੈ ।
ਪ੍ਰਿਤਪਾਲ ਸਿੰਘ ਦਾ ਜਨਮ ਇਕ ਮੱਧ ਵਰਗੀ ਕਿਸਾਨ ਪਰਿਵਾਰ ਵਿਚ ਪਿੰਡ ਭਾਨ ਮਜਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੋਇਆ ਉਹਨਾਂ ਕੋਲ ਆਪਣੀ ਜੱਦੀ ਜਮੀਨ ਸਿਰਫ 8 ਏਕੜ ਹੈ ‘ਤੇ ਖੇਤੀ ਕਰਕੇ 25 ਮੈਂਬਰਾਂ ਦੇ ਸਮੂਹਿਕ ਪਰਿਵਾਰ ਸਮੇਤ ਆਪਣਾ ਨਿਰਬਾਹ ਕਰ ਰਹੇ ਸਨ। ਪ੍ਰਿਤਪਾਲ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ।
ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਅਤੇ ਖੇਤੀ ਵਿਚੋਂ ਵੀ ਤਸਲੀਬਖ਼ਸ਼ ਆਮਦਨ ਨਾ ਹੋਣ ਕਾਰਨ ਮਨ ਵਿਚ ਇੱਛਾ ਸੀ ਕਿ ਕੁਝ ਨਵਾਂ ਸਿੱਖ ਕੇ ਅੱਗੇ ਵਧਿਆ ਜਾਵੇ। ਇਸ ਲਈ ਉਸਨੇ ਮੇਲਿਆਂ ਵਿਚ ਆਏ ਸਫ਼ਲ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਦੇਖ ਕੇ ਇਨ੍ਹਾਂ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਪਿਆ ਅਤੇ ਕੁਝ ਵਖਰਾ ਕਰਨ ਦੀ ਚਿਣਗ ਜਾਗੀ।
ਇਸੇ ਦੌਰਾਨ ਉਸਨੂੰ ਮਹਿਸੂਸ ਹੋਇਆ ਕਿ ਖੇਤੀਬਾੜੀ ਦੇ ਨਾਲ-ਨਾਲ ਜੇਕਰ ਕੋਈ ਸਹਾਇਕ ਧੰਦਾ ਅਪਣਾਇਆ ਜਾਵੇ ਤਾਂ ਉਹ ਵੀ ਇਕ ਸਫ਼ਲ ਕਿਸਾਨ ਬਣ ਸਕਦੇ ਹਨ ਇਸ ਲੜੀ ਤਹਿਤ ਉਸਨੇ ਸੰਨ 2009 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 15 ਦਿਨਾਂ ਡੇਅਰੀ ਫਾਰਮਿੰਗ ਦੀ ਕਿੱਤਾ ਮੁਖੀ ਸਿਖਲਾਈ ਲਈ ਅਤੇ ਸੰਨ 2010 ਵਿਚ ਇਸ ਧੰਦੇ ਦੀ ਸ਼ੁਰੂਆਤ 2 ਪਸ਼ੂਆਂ ਨਾਲ ਕੀਤੀ, ਜਿਸ ਨਾਲ ਉਨ੍ਹਾਂ ਨੇ 20 ਲਿਟਰ ਦੁੱਧ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਦਾਵਾਰ ਕੀਤੀ।
ਮੌਜੂਦਾ ਸਮੇਂ ਪ੍ਰਿਤਪਾਲ ਸਿੰਘ ਕੋਲ ਕੁੱਲ 40 ਪਸ਼ੂ ਹਨ ਜਿਨ੍ਹਾਂ ਵਿਚ ਦੁੱਧ ਦਿੰਦੀਆਂ ਗਾਵਾਂ 17, ਗੱਭਣ ਪਸ਼ੂ 10, ਵਹਿੜੀਆਂ 10, ਛੋਟੀਆਂ ਵੱਛੀਆਂ 3 ਹਨ। ਇਸ ਸਮੇਂ ਉਨ੍ਹਾਂ ਦੇ ਫਾਰਮ ‘ਤੇ ਕੁੱਲ ਦੁੱਧ ਉਤਪਾਦਨ 550 ਲਿਟਰ ਪ੍ਰਤੀ ਦਿਨ ਹੈ, ਜਿਸ ਦੀ ਔਸਤ 32 ਲਿਟਰ ਪ੍ਰਤੀ ਪਸ਼ੂ ਦੇ ਲਗਭਗ ਬਣਦੀ ਹੈ, ਜੋ ਕਿ ਕੇ.ਵੀ.ਕੇ. ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਪਾਇਆ ਹੈ।ਇਸ ਸਫ਼ਲ ਪ੍ਰਬੰਧ ਅਤੇ ਪਸ਼ੂਆਂ ਦੇ ਵਧੀਆ ਰੱਖ-ਰਖਾਵ ਕਾਰਨ ਹੀ ਉਨ੍ਹਾਂ ਦੇ ਪਸ਼ੂਆਂ ਨੇ ਕਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਇਨਾਮ ਵੀ ਹਾਸਿਲ ਕੀਤੇ ਹਨ।
ਦੁੱਧ ਦੇ ਮੰਡੀਕਰਨ ਲਈ ਸ੍ਰੀ ਪ੍ਰਿਤਪਾਲ ਸਿੰਘ ਵਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਅਤੇ ਮੌਜੂਦਾ ਸਮੇਂ ਦੀ ਲੋੜ ਹੈ। 300 ਲਿਟਰ ਸਮਰਥਾ ਵਾਲੀ ਇਕ ਏ.ਟੀ.ਐਮ. ਵਰਗੀ ਮਸ਼ੀਨ ਨਵਾਂਸ਼ਹਿਰ ਵਿਖੇ ਸਵੇਰ ਅਤੇ ਸ਼ਾਮ ਘਰ-ਘਰ ਦੁੱਧ ਸਪਲਾਈ ਦਾ ਕੰਮ ਕਰ ਰਹੀ ਹੈ।
ਉਸ ਨੇ ਦੁੱਧ ਤੋਂ ਵੱਖ-ਵੱਖ ਤਰ੍ਹਾਂ ਦੇ ਪਦਾਰਥ ਜਿਵੇਂ ਕਿ ਪਨੀਰ, ਦਹੀਂ, ਲਸੀ, ਖੋਆ ਆਦਿ ਬਣਾ ਕੇ ਮੰਡੀਕਰਨ ਲਈ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਦੇ ਸਾਹਮਣੇੇ ਇਕ ਦੁਕਾਨ ਵੀ ਸਥਾਪਿਤ ਕੀਤੀ ਹੋਈ ਹੈ। ਪ੍ਰਿਤਪਾਲ ਸਿੰਘ ਨਾ ਕੇਵਲ ਵਿਗਿਆਨਕ ਤਰੀਕੇ ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਜਿਨ੍ਹਾਂ ਉਚਾਈਆਂ ‘ਤੇ ਲੈ ਗਿਆ ਹੈ ਅੱਜ ਦੇ ਹਰ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਲਈ ਇਕ ਮਾਰਗ ਦਰਸ਼ਨ ਦੀ ਅਦੁੱਤੀ ਮਿਸਾਲ ਹੈ।