ਪੰਜਾਬ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਚਹਿਲ ਦਾ ਹੈ ਜਿੱਥੇ ਕਿਸਾਨ ਗੁਰਦੇਵ ਸਿੰਘ ਨੇ ਕਰਜ਼ੇ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਕਿਸਾਨ ਗੁਰਦੇਵ ਸਿੰਘ ‘ਤੇ ਲਗਭਗ 20 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਹੁਣ ਜਾਰੀ ਹੋਈਆਂ ਕਿਸਾਨ ਕਰਜ਼ਾ ਮੁਆਫੀ ਦੀਆਂ ਸੂਚੀਆਂ ਵਿਚ ਆਪਣਾ ਨਾਂ ਨਾ ਆਉਣ ਕਰਕੇ ਗੁਰਦੇਵ ਪ੍ਰੇਸ਼ਾਨ ਸੀ, ਜਿਸ ਦੇ ਚੱਲਦੇ ਉਸ ਨੇ ਖੇਤ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਥਾਣਾ ਸਦਦਰ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰਦੇਵ ਸਿੰਘ ਵਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।