ਬੱਕਰੀ ਨੂੰ ਗਰੀਬ ਬੰਦੇ ਦੀ ਗਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਬੱਕਰੀ ਮਾਸ, ਦੁੱਧ, ਰੇਸ਼ਾ ਅਤੇ ਚਮੜਾ ਪ੍ਰਦਾਨ ਕਰਦੀ ਹੈ ਜੋ ਕਿ ਇਕ ਭੂਮੀ-ਹੀਣ ਕਿਸਾਨ ਦੀਆਂ ਆਰਥਿਕ ਅਤੇ ਪਰਿਵਾਰਕ ਲੋੜਾਂ ਪੂਰੀਆਂ ਕਰਦਾ ਹੈ।ਪਰ ਅੱਜ ਕੱਲ ਬੱਕਰੀ ਦਾ ਪਾਲਣ ਵੱਢੇ ਪੱਧਰ ਤੇ ਹੋਣ ਲੱਗ ਗਿਆ ਹੈ ਕੁੱਛ ਨੌਜਵਾਨ ਵੱਢੇ ਵੱਢੇ ਬੱਕਰੀਆਂ ਦੇ ਫਾਰਮ ਬਣਾਬਣਾ ਕੇ ਲੱਖਾਂ ਰੁਪਿਆ ਕਮਾ ਰਹੇ ਹਨ । ਬੱਕਰੀ ਛੋਟੀ ਉਮਰ ਤੋਂ ਹੀ ਪੈਦਾਵਾਰ ਸ਼ੁਰੂ ਕਰ ਦਿੰਦੀ ਹੈ।
ਬੱਕਰੀ ਬਿਮਾਰੀਆਂ ਦਾ ਘੱਟ ਸ਼ਿਕਾਰ ਹੁੰਦੀ ਹੈ ਅਤੇ ਇਹ ਗਰਮ, ਨਮੀ ਵਾਲੇ ਵਾਤਾਵਰਨ ਨੂੰ ਹੋਰ ਜਾਨਵਰਾਂ ਦੇ ਮੁਕਾਬਲੇ ਆਸਾਨੀ ਨਾਲ ਸਹਾਰ ਸਕਦੀ ਹੈ। ਬੱਕਰੀ ਦੋ ਸਾਲਾਂ ਵਿਚ ਤਿੰਨ ਸੂਏ ਦਿੰਦੀ ਹੈ। ਜੌੜੇ ਬੱਚੇ ਹੋਣ ਦੀ ਦਰ ਜ਼ਿਆਦਾ ਹੁੰਦੀ ਹੈ ਪਰ ਤਿੰਨ ਜਾਂ ਚਾਰ ਬੱਚੇ ਵੀ ਹੋ ਸਕਦੇ ਹਨ। ਬੱਕਰੀਆਂ ਨੂੰ ਕਾਫ਼ੀ ਤਰ੍ਹਾਂ ਦੇ ਖੁਰਾਕੀ ਪਦਾਰਥਾਂ ‘ਤੇ ਪਾਲਿਆ ਜਾ ਸਕਦਾ ਹੈ ਜਿਵੇਂ ਕਿ ਰੁੱਖਾਂ ਦੇ ਪੱਤੇ, ਝਾੜੀਆਂ, ਪੱਠੇ ਆਦਿ। ਬੱਕਰੀ ਦਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਕ ਸੰਤੁਲਿਤ ਖੁਰਾਕ ਹੈ।
ਨਸਲ : ਬੱਕਰੀ ਮੀਟ ਵਾਸਤੇ, ਦੁੱਧ ਅਤੇ ਉਨ੍ਹਾਂ ਲਈ ਪਾਲੀ ਜਾਂਦੀ ਹੈ। ਜਿਹੜੀ ਬੱਕਰੀ ਘੱਟ ਖੁਰਾਕ ਖਾ ਕੇ ਥੋੜ੍ਹੇ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਖੁਰਾਕ ਨੂੰ ਮਾਸ ਵਿਚ ਬਦਲਣ ਦੀ ਯੋਗਤਾ ਰੱਖਦੀ ਹੋਵੇ, ਮੀਟ ਵਾਸਤੇ ਉਹੀ ਲਾਹੇਵੰਦ ਹੈ।
ਪੰਜਾਬ ਵਿਚ ਬੀਟਲ ਬੱਕਰੀ ਨੂੰ ਮਾਨਤਾ ਪ੍ਰਾਪਤ ਹੈ। ਇਸ ਨੂੰ ਅੰਮ੍ਰਿਤਸਰੀ ਵੀ ਕਿਹਾ ਜਾਂਦਾ ਹੈ ਤੇ ਇਹ ਸਾਰੇ ਪੰਜਾਬ ਤੇ ਹਰਿਆਣਾ ਵਿਚ ਫੈਲੀ ਹੋਈ ਹੈ। ਇਸ ਤੋਂ ਇਲਾਵਾ ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਪ੍ਰਮੁੱਖ ਕਿਸਮਾਂ ਹਨ
ਖੁਰਾਕ : ਬੱਕਰੀ ਨੂੰ ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਿਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਚਾਰਾਗਾਹ ‘ਤੇ ਰੱਖੀਆਂ ਬੱਕਰੀਆਂ ਆਪਣੀਆਂ ਪਿਛਲੀਆਂ ਲੱਤਾਂ ਉਪਰ ਖੜ੍ਹੀਆਂ ਹੋ ਕੇ 2 ਮੀਟਰ ਤੱਕ ਵੀ ਪਲਵ ਚਾਰਨ ਕਰ ਸਕਦੀਆਂ ਹਨ। ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਦੇਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੋਲੀ ਵਾਲੀ ਖੁਰਾਕ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਪੌਦੇ, ਪੱਤੇ ਆਦਿ ਵੀ ਵਰਤੇ ਜਾ ਸਕਦੇ ਹਨ।
ਗੋਲੀਆਂ ਵਿਚ ਮੁਰਗੀਆਂ ਦੀਆਂ ਸੁੱਕੀਆਂ ਵਿੱਠਾਂ ਵੀ 30 ਫ਼ੀਸਦੀ ਤੱਕ ਵਰਤੀਆਂ ਜਾ ਸਕਦੀਆਂ ਹਨ ਜੋ ਪ੍ਰੋਟੀਨ ਦਾ ਸਰੋਤ ਹੁੰਦੀਆਂ ਹਨ। ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਵਿਚ ਬਾਉਲੀ ਦੇਣਾ ਜ਼ਰੂਰੀ ਹੈ ਤਾਂ ਜੋ ਉਹ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾ ਸਕੇ। ਇਹ ਸਰੀਰਕ ਭਾਰ ਦਾ 10 ਫ਼ੀਸਦੀ ਤੱਕ ਦੇਣਾ ਚਾਹੀਦਾ ਹੈ। ਆਮ ਤੌਰ ‘ਤੇ ਇਕ ਬੱਕਰੀ ਇਕ ਦਿਨ ਵਿਚ 4-4.5 ਕਿੱਲੋ ਹਰੇ ਪੱਠੇ ਖਾ ਲੈਂਦੀ ਹੈ। ਇਸ ਦੇ ਨਾਲ ਹੀ ਉਸ ਨੂੰ 1-1.5 ਫ਼ੀਸਦੀ ਕਿੱਲੋ ਸੁੱਕੇ ਫਲੀਦਾਰ ਪੱਠੇ ਵੀ ਦੇਣੇ ਚਾਹੀਦੇ ਹਨ। ।
ਧਿਆਨ ਰੱਖੋ ਕਿ ਖੁਰਾਕ ਸੰਤੁਲਿਤ, ਸਵਾਦਲੀ, ਕਬਜ਼ ਨਾ ਕਰਨ ਵਾਲੀ ਤੇ ਸਸਤੀ ਵੀ ਹੋਵੇ। ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਬੱਕਰੀਆਂ ਲਈ ਇਕ ਖਾਸ ਤਰ੍ਹਾਂ ਦੀ ਖੁਰਲੀ ਵੀ ਹੁੰਦੀ ਹੈ, ਜਿਸ ਨਾਲ ਬੱਕਰੀਆਂ ਦੁਆਰਾ ਖੁਰਾਕ ਦੀ ਫਜ਼ੂਲ ਬਰਬਾਦੀ ਘੱਟ ਜਾਂਦੀ ਹੈ
ਰਹਿਣ-ਸਹਿਣ : ਬੱਕਰੀਆਂ ਨੂੰ ਗਰਮੀ ਦੇ ਦਬਾਅ ਅਤੇ ਮੀਂਹ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਿਮਾਰੀਆਂ ਅਤੇ ਮਲੱਪਾਂ ਦੇ ਖਤਰੇ ਤੋਂ ਬਚਿਆ ਜਾ ਸਕੇ। ਬੱਕਰੀਆਂ ਲਈ ਖੁੱਲ੍ਹੇ, ਸਾਫ਼ ਅਤੇ ਸੁੱਕੇ ਆਰਾਮਦੇਹ ਢਾਰੇ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਧੁਰਾ ਉੱਤਰ ਪੂਰਬ ਤੋਂ ਦੱਖਣ ਪੱਛਮ ਵੱਲ ਹੋਣਾ ਚਾਹੀਦਾ ਹੈ।
ਇਸ ਨਾਲ ਗਰਮੀ ਅਤੇ ਸਰਦੀ, ਦੋਵੇਂ ਮੌਸਮਾਂ ਵਿਚ ਆਰਾਮ ਰਹਿੰਦਾ ਹੈ। ਸ਼ੈੱਡ ਉੱਚੀ ਜਗ੍ਹਾ ‘ਤੇ ਵਸੋਂ ਤੋਂ ਦੂਰ ਹੋਣਾ ਚਾਹੀਦਾ ਹੈ। ਪਰ ਕੋਸ਼ਿਸ਼ ਕਰੋ ਕਿ ਇਹ ਮੰਡੀ ਦੇ ਨੇੜੇ ਹੋਵੇ ਤਾਂ ਜੋ ਆਵਾਜਾਈ ਦਾ ਖਰਚਾ ਘਟੇ।
ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ਦੀ ਪੂਰਬ ਪੱਛਮ ਵਾਲੀ ਕੰਧ ਪੂਰੀ ਤਰ੍ਹਾਂ ਛੱਤ ਤੱਕ ਬੰਦ ਹੋਣੀ ਚਾਹੀਦੀ ਹੈ ਅਤੇ ਦੂਜੇ ਕਿਨਾਰੇ ਦੀਆਂ ਕੰਧਾਂ 3-4 ਫੁੱਟ ਉੱਚੀਆਂ ਹੋਣ। ਕੰਧ ਉੱਪਰ 5 ਫੁੱਟ ਦੀ ਜਾਲੀ ਵੀ ਲਗਾਓ ਤਾਂ ਜੋ ਕੋਈ ਜੰਗਲੀ ਜਾਨਵਰ ਨਾ ਆ ਸਕੇ।
ਆਮ ਤੌਰ ‘ਤੇ 5 ਕਿਸਮ ਦੇ ਵਾੜੇ ਚਾਹੀਦੇ ਹਨ ਬੱਕਰੀਆਂ ਦੇ ਵਾੜੇ ਦੀ ਛੱਤ ਅੰਗਰੇਜ਼ੀ ਦੇ ਅੱਖਰ ‘ਏ’ ਵਰਗੀ ਹੋਵੇ ਤਾਂ ਵਧੀਆ ਰਹਿੰਦਾ ਹੈ ਅਤੇ ਸ਼ੈੱਡ ਨੂੰ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਬਚਾਉਂਦਾ ਹੈ। ਫਰਸ਼ ਦੀ ਸਾਫ਼-ਸਫਾਈ ਰੱਖਣੀ ਜ਼ਰੂਰੀ ਹੈ। ਇਸ ਲਈ ਕੀੜੇਮਾਰ ਦਵਾਈਆਂ ਦਾ ਨਿਯਮਬੱਧ ਤਰੀਕੇ ਨਾਲ ਛਿੜਕਾਅ ਕਰੋ। ਸ਼ੈੱਡ ਦੁਆਲੇ ਹਰੀ ਬਨਸਪਤੀ ਦਾ ਵੀ ਪ੍ਰਬੰਧ ਕਰੋ।
ਆਮ ਦੇਖ-ਭਾਲ : ਬੱਕਰੀ ਨੂੰ 14-15 ਮਹੀਨੇ ਦੀ ਉਮਰ ਵਿਚ ਨਵੇਂ ਦੁੱਧ ਕਰਾਓ। ਹੇਹਾ ਸ਼ੁਰੂ ਹੋਣ ਤੋਂ 10-15 ਘੰਟਿਆਂ ਬਾਅਦ ਅਤੇ ਫਿਰ ਤੋਂ 10 ਘੰਟੇ ਬਾਅਦ ਬੱਕਰੀ ਨੂੰ ਗੱਭਣ ਕਰਾਓ। ਬੱਕਰੀ ਗਰਭ ਠਹਿਰਨ ਤੋਂ 145-155 ਦਿਨਾਂ ਵਿਚ ਸੂ ਪੈਂਦੀ ਹੈ। ਸੂਣ ਤੋਂ ਪਹਿਲਾਂ ਬੱਕਰੀ ਨੂੰ ਵੱਖ ਕਰ ਦਿਓ। ਸੂਣ ਵਾਲੀ ਜਗ੍ਹਾ ਆਰਾਮਦਾਇਕ ਹੋਵੇ ਅਤੇ ਮੌਸਮ ਮੁਤਾਬਿਕ ਸੁੱਕ ਜਾਂ ਪਰਾਲੀ ਵਗੈਰਾ ਥੱਲੇ ਪਾਈ ਜਾ ਸਕਦੀ ਹੈ।
ਬੱਕਰੀ ਦੋ ਸਾਲਾਂ ਵਿਚ ਤਿੰਨ ਸੂਏ ਜ਼ਰੂਰ ਦੇਵੇ ਅਤੇ ਦੋ ਸੂਇਆਂ ਵਿਚ ਅੰਤਰ 8-9 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜ਼ੇਰ ਸਧਾਰਨ ਤੌਰ ‘ਤੇ ਸੂਣ ਤੋਂ 2-4 ਘੰਟੇ ਬਾਅਦ ਪੈ ਜਾਂਦੀ ਹੈ। ਚੰਗੀ ਖੁਰਾਕ ਤੇ ਪ੍ਰਬੰਧ ਦੇ ਨਾਲ ਬੱਕਰੀ ਸੂਣ ਤੋਂ 40-45 ਦਿਨਾਂ ਵਿਚ ਦੁਬਾਰਾ ਹੀਟ ਵਿਚ ਆ ਜਾਂਦੀ ਹੈ।
ਸਬਸਿਡੀ ਤੇ ਸਿਖਲਾਈ :ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਇਕ ਯੂਨਿਟ ਲਈ 33 ਹਜ਼ਾਰ 330/- ਰੁਪਏ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ। ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਅਤੇ ਸਿਖਲਾਈ ਲੈਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬੱਕਰੀ ਪਾਲਣ ਤੋਂ ਆਮਦਨ : ਬੱਕਰੀ ਦਾ ਦੁੱਧ ਵੇਚ ਕੇ ਕਾਫੀ ਆਮਦਨ ਹੋ ਜਾਂਦੀ ਹੈ । ਬੀਟਲ ਕਿਸਮ ਦੀ ਬੱਕਰੀ ਦਾ ਦੁੱਧ ਡੇਅਰੀਆਂ ਤੇ ਵੀ ਪਹੁੰਚਣ ਲੱਗਿਆ ਹੈ ਅਤੇ ਇਹ ਦੁੱਧ 25 ਤੋਂ 30 ਰੁਪਏ ਕਿਲੋਗ੍ਰਾਮ ਤੱਕ ਵਿਕਣ ਲੱਗਿਆ ਹੈ। ਡੇਂਗੂ, ਚਿਕਨ ਗੁਣੀਆ ਮਲੇਰੀਆ ਵਰਗੀਆਂ ਬਿਮਾਰੀਆਂ ‘ਚ ਵੀ ਇਸ ਦਾ ਦੁੱਧ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਜ਼ਿਆਦਾ ਮੰਗ ਹੋਣ ਤੇ ਇਹ ਦੁੱਧ 400 – 500 ਕਿੱਲੋ ਤੱਕ ਵੀ ਵਿੱਕ ਜਾਂਦਾ ਹੈ ।
ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਏਨਾ ਬੱਚਿਆਂ ਨੂੰ ਥੋੜੇ ਸਮੇ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਏਨਾ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਇਸ ਤੋਂ ਇਲਾਵਾ ਬੱਕਰੀਆਂ ਦਾ ਮੀਟ ਵੇਚ ਕੇ ਵੀ ਕਿਸਾਨ ਆਮਦਨ ਕਰ ਸਕਦਾ ਹੈ । ਇਸ ਦਾ ਮੀਟ 400-450 ਰੁਪੇ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬਕਰਾ 20-25 ਹਜ਼ਾਰ ‘ਚ ਬਿੱਕ ਜਾਂਦਾ ਹੈ। ਇਸ ਧੰਦੇ ਦਾ ਮੁਨਾਫ਼ਾ ਚੰਗੀ ਮੰਡੀ ਉਪਰ ਕਾਫ਼ੀ ਨਿਰਭਰ ਕਰਦਾ ਹੈ। ਚੰਗੀ ਮੰਡੀ ਦੀ ਤਲਾਸ਼ ਕਰੋ ਤਾਂ ਕਿ ਬੱਕਰੀਆਂ ਸਮੇਂ-ਸਿਰ ਠੀਕ ਭਾਅ ‘ਤੇ ਵਿਕ ਸਕਣ ।