ਸਿਆਲ ਵਿੱਚ ਕੜਾਕੇ ਦੀ ਠੰਢ ਨਹੀਂ ਪਏਗੀ। ਹੁਣ ਤੱਕ ਰਾਤਾਂ ਤਾਂ ਭਾਵੇਂ ਠੰਢੀਆਂ ਹਨ ਪਰ ਦਿਨ ਵੇਲੇ ਗਰਮੀ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨ ਵਿੱਚ ਤਾਪਮਾਨ ਹੋਰ ਵਧ ਸਕਦਾ ਹੈ ਕਿਉਂਕਿ ਠੰਢ ਦਾ ਮੌਸਮ ਉੱਤਰ-ਪੱਛਮੀ ਖੇਤਰ ਨੂੰ ਜਲਦ ਹੀ ਅਲਵਿਦਾ ਆਖਣ ਜਾ ਰਿਹਾ ਹੈ।
ਮੌਸਮ ਦੱਸਣ ਵਾਲੀ ਪ੍ਰਾਈਵੇਟ ਖੇਤਰ ਦੀ ਏਜੰਸੀ ਸਕਾਈਮੈੱਟ ਦੇ ਮਹੇਸ਼ ਪਲਾਵਤ ਨੇ ਦੱਸਿਆ ਕਿ ਉੱਤਰ-ਪੱਛਮ ਦੇ ਮੈਦਾਨੀ ਇਲਾਕਿਆਂ ਹਾਲਾਤ ਜਲਦ ਹੀ ਬਦਲ ਸਕਦੇ ਹਨ, ਪਰ ਘੱਟੋ ਘੱਟ ਨਵੇਂ ਸਾਲ ਦੇ ਪਹਿਲੇ ਦਸ ਦਿਨ ਲਈ ਤਾਂ ਹੁਣ ਵਾਲੀ ਸਥਿਤੀ ਹੀ ਬਰਕਰਾਰ ਰਹੇਗੀ।
ਨਵੇਂ ਸਾਲ ਦੇ ਪਹਿਲੇ ਦਸ ਦਿਨਾਂ ਮਗਰੋਂ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ।ਆਈਐਮਡੀ ਨੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਅਤੇ ਉੱਤਰ-ਪੱਛਮ ਦੇ ਬਾਕੀ ਹਿੱਸਿਆਂ ਵਿੱਚ ਦਸ ਜਨਵਰੀ ਤੱਕ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਜਾਵੇਗਾ। ਪਹਿਲੇ ਹਫ਼ਤੇ ਦਰਮਿਆਨ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧਣਾ ਸ਼ੁਰੂ ਹੋ ਜਾਵੇਗਾ।
ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਆਉਂਦੇ ਦਿਨਾਂ ਵਿੱਚ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਇਸ ਸਮੇਂ ਉੱਤਰ-ਪੱਛਮੀ ਖੇਤਰ ਵਿੱਚ ਪਾਰਾ ਆਮ ਨਾਲੋਂ ਵੱਧ ਚੱਲ ਰਿਹਾ ਹੈ। ਭਾਰਤ ਦੀ ਅਧਿਕਾਰਤ ਮੌਸਮ ਏਜੰਸੀ ਆਈਐਮਡੀ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਤੇ ਵੱਧ ਤੋਂ ਵੱਧ ਪਾਰਾ ਆਮ ਨਾਲੋਂ ਵੱਧ (5.1 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਤੇ ਉੱਤਰਾਖੰਡ ਦੀਆਂ ਬਹੁਤੀਆਂ ਥਾਵਾਂ ’ਤੇ ਵੀ ਪਾਰਾ ਆਮ ਨਾਲੋਂ ਵੱਧ (3.10 ਤੋਂ 5.0) ਰਿਹਾ।