ਅੱਜ ਅਸੀਂ ਗੱਲ ਕਰ ਰਹੇ ਹਾਂ ਪਨੀਰੀ ਦੇ ਨਾਲ ਕਮਾਦ ਦੀ ਖੇਤੀ ਦੀ ,ਪਨੀਰੀ ਨਾਲ ਨਾ ਕੇਵਲ ਗੰਨੇ ਦੀ ਪੈਦਾਵਾਰ ਵਿੱਚ ਹੀ ਵਾਧਾ ਹੋਵੇਗਾ ਸਗੋਂ ਵੱਡੀ ਮਾਤਰਾ ਵਿੱਚ ਗੰਨੇ ਦੀ ਬੱਚਤ ਵੀ ਹੋਵੇਗੀ ।ਸਿਰਫ ਇਸ ਤਕਨੀਕ ਦੇ ਨਾਲ ਰੋਗ ਮੁਕਤ ਗੰਨੇ ਦੀ ਫ਼ਸਲ ਪੈਦਾ ਹੋ ਸਕਦੀ ਹੈ । ਜਿਸ ਨਾਲ ਵਧੇਰੇ ਮਾਤਰਾ ਵਿੱਚ ਖੰਡ ਤਿਆਰ ਕੀਤੀ ਜਾ ਸਕਦੀ ਹੈ।
ਮੁਢਲੇ ਸਿਧਾਂਤ: ਸਿਰਫ ਗੰਨੇ ਦੀਆਂ ਅੱਖਾਂ ਤੋਂ ਪਨੀਰੀ ਤਿਆਰ ਕਰਨੀ, 25-35 ਦਿਨ ਦੀ ਪਨੀਰੀ ਖੇਤ ਵਿੱਚ ਲਗਾਉਣੀ, 2-2 ਫੁੱਟ ਦੇ ਫਾਸਲੇ ਉੱਤੇ ਪਨੀਰੀ ਲਗਾਉਣੀ, ਜ਼ਿਆਦਾ ਪਾਣੀ ਲਾਉਣ ਦੀ ਜਗ੍ਹਾ ਖਾਲੀਆਂ ਵਿੱਚ ਪਾਣੀ ਲਗਾ ਕੇ ਖੇਤ ਵਿੱਚ ਸਿਰਫ ਸਿੱਲ ਕਾਇਮ ਰੱਖਣੀ, ਜੈਵਿਕ ਖਾਦਾਂ ਅਤੇ ਕੀਟਨਾਸ਼ਕਾਂ ਨੂੰ ਉਤਸ਼ਾਹਿਤ ਕਰਨਾ, ਜ਼ਮੀਨ ਦੀ ਸਾਰਥਕ ਵਰਤੋਂ ਲਈ ਅੰਤਰ ਫਸਲਾਂ ਬੀਜਣੀਆਂ।
ਪਨੀਰੀ ਤਿਆਰ ਕਰਨੀ: ਕਿਸੇ ਵੀ ਸਿਫਾਰਸ਼ਸ਼ੁਦਾ ਕਿਸਮ ਦੇ ਤਕਰੀਬਨ 5-7 ਕੁਇੰਟਲ ਰੋਗ ਰਹਿਤ ਗੰਨੇ, ਜਿਨ੍ਹਾਂ ਦੀਆਂ ਪੋਰੀਆਂ ਲੰਮੀਆਂ ਹੋਣ ਲੈ ਕੇ ਇੱਕ ਖਾਸ ਕਿਸਮ ਦੀ ਮਸ਼ੀਨ ਬੱਡ ਚਿੱਪਰ ਨਾਲ ਸਿਰਫ ਅੱਖਾਂ ਗੰਨਿਆਂ ਨਾਲੋਂ ਅਲੱਗ ਕਰ ਲਈਆਂ ਜਾਂਦੀਆਂ ਹਨ। ਇੱਕ ਹੈਕਟੈਅਰ ਲਈ ਲੋੜੀਂਦੀਆਂ 13750 ਅੱਖਾਂ ਦਾ ਭਾਰ ਤਕਰੀਬਨ 150 ਤੋਂ 200 ਕਿਲੋ ਹੁੰਦਾ ਹੈ। 10 ਮਹੀਨੇ ਦੀ ਉਮਰ ਵਾਲੀ ਕਮਾਦ ਦੀ ਫਸਲ ਵਿੱਚੋਂ ਔਸਤਨ 10-12 ਅੱਖਾਂ ਵਾਲੇ 450-500 ਤੰਦਰੁਸਤ ਗੰਨਿਆਂ ਤੋਂ ਇੱਕ ਏਕੜ ਲਈ ਅੱਖਾਂ ਨਿਕਲ ਆਉਂਦੀਆਂ ਹਨ। ਮਸ਼ੀਨ ਨਾਲ ਗੰਨੇ ਵਿੱਚੋਂ ਅੱਖਾਂ ਇਸ ਤਰ੍ਹਾਂ ਕੱਢੀਆਂ ਜਾਂਦੀਆਂ ਹਨ ਜਿਸ ਨਾਲ ਗੰਨਾ ਸਾਬਤ ਰਹਿੰਦਾ ਹੈ ਜਿਸ ਤੋਂ ਰਸ ਕੱਢ ਕੇ ਗੁੜ ਬਣਾਇਆ ਜਾਂ ਖੰਡ ਮਿੱਲ ਨੂੰ ਜਾਂ ਗੰਨੇ ਦਾ ਰਸ ਵੇਚਣ ਵਾਲਿਆਂ ਨੂੰ ਵੇਚਿਆ ਜਾ ਸਕਦਾ ਹੈ।
ਅਲੱਗ ਕੀਤੀਆਂ ਇਨ੍ਹਾਂ ਅੱਖਾਂ ਨੂੰ ਉਲੀਨਾਸ਼ਕ ਅਤੇ ਕੀਟਨਾਸ਼ਕ ਜ਼ਹਿਰਾਂ ਨਾਲ ਸੋਧ ਲਿਆ ਜਾਂਦਾ ਹੈ। ਅੱਖਾਂ ਨੂੰ ਸੋਧਣ ਤੋਂ ਬਾਅਦ ਸੇਬਿਆਂ ਵਾਲੀਆਂ ਬੋਰੀਆਂ ਵਿੱਚ ਤਕਰੀਬਨ 20 ਕਿਲੋ ਪ੍ਰਤੀ ਬੋਰੀ ਅੱਖਾਂ ਭਰ ਕੇ ਤੂੜੀ ਜਾਂ ਪਰਾਲੀ ਹੇਠ ਪੱਧਰਾ ਦਬਾ ਦਿੱਤਾ ਜਾਂਦਾ ਹੈ, ਜਿਸ ਨਾਲ 3-5 ਦਿਨਾਂ ਵਿੱਚ ਤੰਦਰੁਸਤ ਸਾਰੀਆਂ ਅੱਖਾਂ ਉੱਗ ਪੈਣਗੀਆਂ ਅਤੇ ਜੋ ਨਾ ਉਗਣਯੋੋਗ ਹੋਣਗੀਆਂ ਉਨ੍ਹਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ। 60 ਕਿਲੋ ਲੱਕੜ ਦਾ ਬਰੀਕ ਬੂਰਾ, 20 ਕਿਲੋ ਨਾਰੀਅਲ ਦਾ ਬੂਰਾ ਅਤੇ 20 ਕਿਲੋ ਗੰਡੋਇਆਂ ਦੀ ਖਾਦ ਦਾ ਮਿਸ਼ਰਨ ਬਣਾ ਇਨਾ ਕੁ ਪਾਣੀ ਪਾਇਆ ਜਾਂਦਾ ਹੈ ਕਿ ਹੱਥ ਵਿੱਚ ਘੁੱਟਣ ਨਾਲ ਲੱਡੂ ਦੀ ਤਰ੍ਹਾਂ ਮਿਸ਼ਰਨ ਇਕੱਠਾ ਹੋ ਜਾਵੇ।
ਪਲਾਸਟਿਕ ਦੀਆਂ 50 ਖਾਨਿਆਂ ਵਾਲੀਆਂ ਟਰੇਆਂ ਵਿੱਚ ਇਸ ਮਿਸ਼ਰਣ ਨੂੰ ਹਰੇਕ ਖਾਨੇ ਵਿੱਚ ਅੱਧਾ ਭਰ ਕੇ ਉਗੀਆਂ ਅੱਖਾਂ ਨੂੰ ਰੱਖ ਕੇ ਦੁਬਾਰਾ ਉਪਰੋਕਤ ਮਿਸ਼ਰਨ ਨਾਲ ਪੂਰੀ ਤਰ੍ਹਾਂ ਅੱਖਾਂ ਨੂੰ ਢੱਕ ਦਿੱਤਾ ਜਾਂਦਾ ਹੈ। ਇੱਕ ਹੈਕਟੇਅਰ ਲਈ 300 ਟਰੇਆਂ ਲੈਣੀਆਂ ਹਨ । ਇਨਾਂ ਟਰੇਆਂ ਨੂੰ ਸਾਢੇ ਚਾਰ ਮਰਲੇ ਜਗ੍ਹਾ ਤੇ ਛਾਂਦਾਰ ਜਾਲੀ ਨਾਲ ਬਣਾਏ ਸ਼ੈੱਡ ਵਿੱਚ ਰੱਖ ਕੇ ਟਿਕਾਅ ਦਿੱਤਾ ਜਾਂਦਾ ਹੈ। ਟਰੇਆਂ ਨੂੰ ਟਿਕਾਉਣ ਤੋਂ ਬਾਅਦ ਪਹਿਲੀ ਵਾਰ ਫੁਹਾਰੇ ਨਾਲ ਪਾਣੀ ਲਾਇਆ ਜਾਂਦਾ ਹੈ। ਇਸ ਤੋਂ ਬਾਅਦ ਲੋੜ ਅਨੁਸਾਰ ਖੁੱਲ੍ਹਾ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਇਹ ਖਿਆਲ ਰੱਖਿਆ ਜਾਵੇ ਕਿ ਤਿਆਰ ਹੋ ਰਹੀ ਪਨੀਰੀ ਨੂੰ ਸੋਕਾ ਨਾ ਲੱਗੇ। ਜਾਲੀਦਾਰ ਛਾਂ ਵਾਲੇ ਸ਼ੈੱਡਾਂ ਵਿੱਚ ਬੂਟਿਆਂ ਦਾ ਵਾਧਾ ਜਲਦੀ ਅਤੇ ਇਕਸਾਰ ਹੁੰਦਾ ਹੈ।
25-35 ਦਿਨਾਂ ਵਿੱਚ ਪਨੀਰੀ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਵੇਗੀ। ਇਸ ਤਰ੍ਹਾਂ ਤਿਆਰ ਕੀਤੀ ਪਨੀਰੀ ਝੋਨਾ ਅਤੇ ਕਣਕ ਦੀ ਕਟਾਈ ਤੋਂ ਬਾਅਦ ਵੀ ਖੇਤ ਵਿੱਚ ਲਗਾਈ ਜਾ ਸਕਦੀ ਹੈ ਜਿਸ ਨਾਲ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ ਜਦਕਿ ਆਮ ਕਰਕੇ ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬੀਜੇ ਕਮਾਦ ਦੀ ਬਿਜਾਈ ਪਿਛੇਤੀ ਹੋਣ ਕਾਰਨ ਪੈਦਾਵਾਰ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਨੀਰੀ ਤਿਆਰ ਕਰਨ ਲਈ ਲੋੜੀਂਦਾ ਸਾਮਾਨ ਜਿਵੇਂ ਪਲਾਸਟਿਕ ਦੀਆਂ ਟਰੇਆਂ , ਛਾਂ ਵਾਲੀ ਜਾਲੀ, ਅੱਖਾਂ ਕੱਢਣ ਵਾਲੀ ਮਸ਼ੀਨ ਅਤੇ ਨਾਰੀਅਲ ਦਾ ਬੂਰਾ ਇੱਕੋ ਵਾਰ ਹੀ ਖਰੀਦਣ ਦੀ ਜ਼ਰੂਰਤ ਪੈਂਦੀ ਹੈ ਜੋ ਬਚਾਏ ਹੋਏ ਬੀਜ ਦੀ ਆਮਦਨ ਨਾਲ ਖਰੀਦਿਆ ਜਾ ਸਕਦਾ ਹੈ।
ਪਨੀਰੀ ਦੀ ਖੇਤ ਵਿੱਚ ਲਵਾਈ: ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਗੈਰ ਨਾੜ ਅਤੇ ਪਰਾਲੀ ਨੂੰ ਅੱਗ ਲਾਇਆਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ 4 ਫੁੱਟ ਦੀ ਦੂਰੀ ’ਤੇ ਆਲੂ ਬੀਜਣ ਵਾਲੇ ਰਿਜਰ ਦਾ ਵਿਚਲਾ ਫਾਲਾ ਕੱਢ ਕੇ ਉੱਤਰ-ਦੱਖਣ ਦਿਸ਼ਾ ਵਿੱਚ ਖਾਲੀਆਂ ਬਣਾ ਕੇ 125 ਕਿਲੋ ਪ੍ਰਤੀ ਹੇਕਟੇਅਰ ਡਾਇਆ ਖਾਦ ਪਾ ਦਿੱਤੀ ਜਾਂਦੀ ਹੈ। 2 ਟਰਾਲੀਆਂ ਦੇਸੀ ਰੂੜੀ ਇਨ੍ਹਾਂ ਬਣਾਈਆਂ ਖਾਲੀਆਂ ਵਿੱਚ ਪਾ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪਾਣੀ ਪੂਰੇ ਖੇਤ ਵਿੱਚ ਨਾ ਲੱਗਣ ਕਾਰਨ ਪਾਣੀ ਦੀ ਕਾਫੀ ਬੱਚਤ ਹੋ ਜਾਂਦੀ ਹੈ। ਪਾਣੀ ਲੱਗੀਆਂ ਖਾਲੀਆਂ ਵਿੱਚ ਤਿਆਰ ਕਮਾਦ ਦੇ ਪੌਦੇ 2 ਫੁੱਟ ਦੀ ਦੂਰੀ ’ਤੇ ਲਗਾਏ ਜਾਂਦੇ ਹਨ। ਖਾਲੀਆਂ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾ ਦੇਣਾ ਚਾਹੀਦਾ ਹੈ।
ਖਾਲੀਆਂ ਵਿਚਕਾਰ ਬਚੀ ਜ਼ਮੀਨ ’ਤੇ ਮੌਸਮ ਅਨੁਸਾਰ ਆਲੂ, ਲ਼ਸਣ, ਪਿਆਜ, ਛੋਲੇ,ਮਸਰ, ਭਿੰਡੀ ਤੋਰੀ, ਵੇਲਾਂ ਵਾਲੀਆਂ ਸਬਜ਼ੀਆਂ, ਮੂੰਗੀ, ਮਾਂਹ, ਮੂਲੀਆਂ ਆਦਿ ਫਸਲਾਂ ਬੀਜ ਕੇ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਪਨੀਰੀ ਦੇ ਕੁਝ ਬੂਟੇ ਬਚਾ ਕੇ ਰੱਖ ਲੈਣੇ ਚਾਹੀਦੇ ਹਨ ਤਾਂ ਜੋ ਬੂਟਿਆਂ ਦੇ ਮਰਨ ਕਾਰਨ ਵਿੱਥਾਂ ’ਤੇ ਇਹ ਬਚਾਏ ਬੂਟੇ ਲਗਾ ਕੇ ਵਿੱਥਾਂ ਨੂੰ ਪੂਰਿਆਂ ਕੀਤਾ ਜਾ ਸਕੇ। ਸਰਦੀ ਵਿੱਚ ਕਮਾਦ ਨੂੰ ਕੋਰੇ ਤੋਂ ਬਚਾਉਣ ਲਈ ਸਮੇਂ-ਸਮੇਂ ’ਤੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਫਸਲ ਦੇ ਇਕਸਾਰ ਵਾਧੇ ਲਈ 4-5 ਸ਼ਾਖਾਵਾਂ ਨਿਕਲਣ ਪਿੱਛੋਂ ਪਹਿਲੀ ਮੁੱਖ ਸ਼ਾਖਾ ਨੂੰ ਕੱਟ ਦੇਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜ਼ਿਆਦਾ ਗੰਨੇ ਪ੍ਰਤੀ ਪੌਦਾ ਪੈਦਾ ਹੋਣਗੇ।
ਜੇਕਰ ਕਿਸਾਨਾਂ ਨੂੰ ਉਪਰੋਕਤ ਤਕਨੀਕ ਨਾਲ ਬੀਜ ਪੈਦਾ ਕਰਨ ਲਈ ਪ੍ਰੇਰਤ ਕੀਤਾ ਜਾਵੇ ਤਾਂ ਖੇਤੀ ਲਾਗਤ ਖਰਚੇ ਘਟਾਏ ਹੀ ਨਹੀਂ ਸਗੋਂ ਰੋਗ ਰਹਿਤ ਬੀਜ ਵੀ ਪੈਦਾ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਪੰਜਾਬ ਦੀ ਪ੍ਰਤੀ ਏਕੜ ਉਤਪਾਦਕਤਾ ਹੀ ਨਹੀਂ ਵਧੇਗੀ ਸਗੋਂ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।