Breaking News

ਹੁਣ ਦਾਣਾ ਮੰਡੀ ਵਿੱਚ ਬੈਠੇ ਕਿਸਾਨਾਂ ਨੂੰ ਮਿਲ ਰਹੀਆਂ ਹਨ 5 ਤਾਰਾ ਠੇਕੇ ਦੀਆਂ ਸਹੂਲਤਾਂ

ਖਰੀਦ ਕੇਂਦਰਾਂ ’ਚ ਭਾਵੇਂ ਅਜੇ ਝੋਨਾ ਪੂਰੀ ਤਰ੍ਹਾ ਵਿਕਣ ਨਹੀਂ ਲੱਗਿਆ, ਪਰ ਸ਼ਰਾਬ ਦੀਆਂ ਬੋਤਲਾਂ ਅੱਧੀ ਰਾਤ ਤੱਕ ਵਿਕਦੀਆਂ ਹਨ। ਠੇਕੇਦਾਰਾਂ ਨੇ ਅਨਾਜ ਮੰਡੀਆਂ ਨੇੜੇ ਠੇਕੇ ਖੋਲ੍ਹ ਦਿੱਤੇ ਹਨ ਤੇ ਜਿਹੜੇ ਖਰੀਦ ਕੇਂਦਰਾਂ ਨੇੜੇ ਠੇਕਿਆਂ ਲਈ ਥਾਂ ਨਹੀਂ ਮਿਲ ਸਕੀ, ਉਥੇ ‘ਡੱਬਾ ਡਿਲਵਰੀ’ ਹੋਣ ਲੱਗੀ ਹੈ।

ਮੰਡੀਆਂ ’ਚ ਝੋਨੇ ਦੀਆਂ ਢੇਰੀਆਂ ਦੀ ਰਾਖੀ ਬੈਠੇ ਕਿਸਾਨਾਂ ਤੱਕ ਡੱਬਿਆਂ ਰਾਹੀਂ ਠੇਕਿਆਂ ਦੇ ਕਰਿੰਦੇ ਬੋਤਲਾਂ ਪਹੁੰਚਾਉਣ ਲੱਗੇ ਹਨ। ਐਕਸਾਈਜ਼ ਮਹਿਕਮੇ ਦੀ ਠੇਕੇਦਾਰਾਂ ਨਾਲ ਮਿਲੀ ਭੁਗਤ ਕਾਰਨ ਪ੍ਰਸ਼ਾਸਨ ਚੁੱਪ ਹੈ। ਕਿਸਾਨਾਂ-ਮਜ਼ਦੂਰਾਂ ਦੀ ਸਹੂਲਤ ਲਈ ਠੇਕੇਦਾਰਾਂ ਨੇ ਰੇਹੜੀ ਮਾਰਕਾ ਅਹਾਤੇ ਖੋਲ੍ਹ ਦਿੱਤੇ ਹਨ, ਜਿਥੇ ਗਲਾਸ ਤੋਂ ਲੈ ਕੇ ਸੋਡਾ, ਸਲਾਦ, ਆਂਡਾ ਤਰੀ ਦੀਆਂ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀ ਹਨ।

ਦਿਹਾਤੀ ਖੇਤਰ ਦੇ ਖਰੀਦ ਕੇਂਦਰਾਂ ’ਚ ਜਾ ਕੇ ਵੇਖਿਆ ਕਿ ਕਿਧਰੇ ਵੀ ਕਿਸਾਨਾਂ ਦੇ ਨਹਾਉਣ-ਧੋਣ, ਪਖਾਨੇ ਜਾਣ ਜਾਂ ਪੀਣ ਵਾਲੇ ਸਾਫ ਪਾਣੀ ਦੇ ਪੂਰੇ ਸਰਕਾਰੀ ਬੰਦੋਬਸਤ ਨਹੀਂ, ਪਰ ਪੇਂਡੂ ਅਨਾਜ ਮੰਡੀਆਂ ’ਚ ਠੇਕੇ ਤੇ ਅਹਾਤੇ ਜ਼ਰੂਰ ਵਿਖਾਈ ਦਿੰਦੇ ਹਨ। ਖਰੀਦ ਕੇਂਦਰਾਂ ਨੇੜੇ ਠੇਕੇਦਾਰਾਂ ਦੀਆਂ ਗੱਡੀਆਂ, ਸ਼ਰਾਬ ਦੀਆਂ ਬੋਤਲਾਂ ਦੇ ਕੇ ਜਾਣ ਲੱਗੀਆਂ ਹਨ ਤੇ ਇਨ੍ਹਾਂ ਬੋਤਲਾਂ ਦੀ ਕਿਸਾਨਾਂ-ਮਜ਼ਦੂਰਾਂ ਨੂੰ ਉਧਾਰ-ਸੁਧਾਰ ਵੀ ਹੋਣ ਲੱਗੀ ਹੈ।

ਮਿਲੇ ਵੇਰਵਿਆਂ ਅਨੁਸਾਰ ਮਾਨਸਾ ਜ਼ਿਲੇ ਦੇ 115 ਖਰੀਦ ਕੇਂਦਰਾਂ ’ਚੋਂ ਬਹੁਤਿਆਂ ’ਤੇ ਸ਼ਰਾਬ ਦੇ ਠੇਕੇਦਾਰਾਂ ਨੇ ਨਵੇਂ ਠੇਕੇ ਖੋਲ੍ਹ ਲਏ ਹਨ। ਪਹਿਲੀ ਅਪਰੈਲ ਤੋਂ ਚਾਲੂ ਹੋਏ ਇਹ ਨਵੇਂ ਠੇਕਿਆਂ ਦੀ ਥਾਂ ਵਾਲੀ ਚੋਣ ਕਰਨ ਵੇਲੇ ਖਰੀਦ ਕੇਂਦਰਾਂ ਤੇ ਬੱਸ ਅੱਡਿਆਂ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਗਿਆ ਹੈ। ਪਤਾ ਲੱਗਾ ਹੈ ਕਿ ਕਈ ਅਜਿਹੀਆਂ ਅਨਾਜ ਮੰਡੀਆਂ ਵੀ ਹਨ, ਜਿਨ੍ਹਾਂ ’ਚ ਫਸਲਾਂ ਦੇ ਸੀਜ਼ਨ ਦੌਰਾਨ ਹੀ ਸ਼ਰਾਬ ਵਿਕਦੀ ਹੈ ਤੇ ਸੀਜ਼ਨ ਦੀ ਸਮਾਪਤੀ ਮਗਰੋਂ ਠੇਕਿਆਂ ਦੇ ਸ਼ਟਰ ਹੇਠਾ ਸੁੱਟੇ ਜਾਂਦੇ ਹਨ।ਮਾਨਸਾ ਜ਼ਿਲੇ ਦੇ ਅਜਿਹੇ ਦਰਜਨ ਹੋਰ ਖਰੀਦ ਕੇਂਦਰ ਹਨ, ਜਿੱਥੇ ਹਰ ਸਮੇਂ ਦਾਰੂ ਦੀ ਸਪਲਾਈ ਮਿਲਦੀ ਹੈ।

ਜਿਹੜੀਆਂ ਮੰਡੀਆਂ ’ਚ ਠੇਕੇ ਖੋਲ੍ਹਣ ਦੀ ਤਕਲੀਫ ਆਈ, ਉਥੇ ਪ੍ਰਬੰਧਕਾਂ ਨੇ ਕਿਸਾਨਾਂ ਦੀ ਸਹੂਲਤ ਲਈ ਆਪਣੀਆਂ ਗੱਡੀਆਂ ’ਚ ਡੱਬੇ ਲਿਜਾ ਕੇ ਹੋਮ ਡਿਲਵਰੀ ਸਪਲਾਈ ਸ਼ੁਰੂ ਕੀਤੀ ਹੈ। ਇਹ ਸਪਲਾਈ ਕਰਨ ਵਾਲੇ ਕਿਸਾਨਾਂ ਕੋਲ ਆੜ੍ਹਤੀਆਂ ਦੀ ਸਰਪ੍ਰਸਤੀ ਹੇਠ ਜਾ ਕੇ ਉਧਾਰ-ਸੁਧਾਰ ਪਰਚੀ ਸਟਾਇਲ ਨਾਲ ਸਾਮਾਨ ਦੇਣ ਲੱਗੇ ਹਨ। ਬੇਸ਼ੱਕ ਮੰਡੀਆਂ ’ਚ ਬੈਠੇ ਹਰ ਕਿਸਾਨ ਦੀ ਜੇਬ ਭਾਰ ਨਹੀਂ ਝੱਲ ਰਹੀ ਹੁੰਦੀ, ਪਰ ਆੜ੍ਹਤੀਆਂ ਦੀ ਹੱਲਾਸ਼ੇਰੀ ਇਸ ਮੌਕੇ ਉਨ੍ਹਾਂ ਨੂੰ ‘ਸ਼ੇਰ’ ਬਣਾ ਦਿੰਦੀ ਹੈ।

ਵੇਰਵਿਆਂ ਮੁਤਾਬਕ ਟਾਹਲੀਆਂ, ਭਲਾਈਕੇ, ਫੱਤਾ ਮਾਲੋਕਾ, ਤਾਮਕੋਟ, ਭੀਖੀ, ਬੋੜਾਵਾਲ, ਦੂਲੋਵਾਲ, ਕੋਟਧਰਮੂ ’ਚ ਮੰਡੀਆਂ ’ਚ ਪਹੁੰਚਕੇ ਅਜਿਹੀ ਸਪਲਾਈ ਹੋਣ ਲੱਗੀ ਹੈ। ਇਸ ਖੇਤਰ ਦੀਆਂ ਦੋ ਦਰਜਨ ਤੋਂ ਵੱਧ ਅਜਿਹੀਆਂ ਮੰਡੀਆਂ ਵੀ ਹਨ, ਜਿਥੇ ਪੀਣ ਦੀ ਸਹੂਲਤ ਲਈ ਅਹਾਤਿਆਂ ਵਰਗੀਆਂ ਹੱਟਾਂ ਖੋਲ੍ਹ ਦਿੱਤੀਆਂ ਹਨ। ਭਾਵੇਂ ਸ਼ਰਾਬ ਦੇ ਇਨ੍ਹਾਂ ਠੇਕਿਆਂ ਬਾਰੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਇਤਲਾਹ ਪੁੱਜੀ ਹੋਈ ਹੈ, ਪਰ ਕਿਸੇ ਵੀ ਠੇਕੇਦਾਰ ਖ਼ਿਲਾਫ਼ ਵਿਭਾਗੀ ਕਾਰਵਾਈ ਨਹੀਂ ਹੋਈ ਹੈ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …