ਪੰਜਾਬ ਸਰਕਾਰ ਨੇ ਰਾਜ ਵਿਚ ਮਾਲ ਪਟਵਾਰੀਆਂ ਦੁਆਰਾ ਦਲਾਲਾਂ ਰਾਹੀਂ ਲੋਕਾਂ ਤੋਂ ਰਿਸ਼ਵਤ ਲੈਣ ਪੁਸ਼ਟੀ ਕਰ ਦਿੱਤੀ ਹੈ | ਸਰਕਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿਚ ਇਸ ਭਿ੍ਸ਼ਟ ਵਰਤਾਰੇ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਹ ਪਟਵਾਰੀ, ਜਿਨ੍ਹਾਂ ਨੇ ਆਪਣਾ ਦਫ਼ਤਰੀ ਕੰਮਕਾਜ ਚਲਾਉਣ ਲਈ ਨਿੱਜੀ ਵਿਅਕਤੀ ਰੱਖੇ ਹੋਏ ਹਨ, ਉਨ੍ਹਾਂ ਪਟਵਾਰੀਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇ ਅਤੇ ਨਿੱਜੀ ਵਿਅਕਤੀ ਰੱਖਣ ਦੀ ਇਹ ਪ੍ਰਥਾ ‘ਤੇ ਸਖ਼ਤ ਕਦਮ ਚੁੱਕਦਿਆਂ ਬੰਦ ਕਰਵਾਈ ਜਾਵੇ |
ਪੰਜਾਬ ਮਾਲ ਵਿਭਾਗ ਦੀ ‘ਮੁਰੱਬਾਬੰਦੀ ਸ਼ਾਖਾ’ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੇ ਧਿਆਨ ‘ਚ ਆਇਆ ਹੈ ਕਿ ਮਾਲ ਵਿਭਾਗ ਵਿਚ ਤਾਇਨਾਤ ਪਟਵਾਰੀਆਂ ਨੇ ਆਪਣੀ ਦਫ਼ਤਰੀ ਕੰਮਕਾਜ ਕਰਾਉਣ ਲਈ ਨਿੱਜੀ ਵਿਅਕਤੀ ਰੱਖੇ ਹੋਏ ਅਤੇ ਉਨ੍ਹਾਂ ਨਿੱਜੀ ਵਿਅਕਤੀਆਂ ਨੂੰ , ਪਟਵਾਰੀ ਅਦਾਇਗੀ ਵੀ ਕਰਦੇ ਹਨ |
ਇਹ ਵੀ ਧਿਆਨ ‘ਚ ਆਇਆ ਹੈ ਕਿ ਪਟਵਾਰੀਆਂ ਕੋਲ ਆਪਣੇ ਕੰਮ ਕਰਾਉਣ ਲਈ ਆਉਣ ਵਾਲੀ ਜਨਤਾ ਤੋਂ ਇਹ ਨਿੱਜੀ ਵਿਅਕਤੀ, ਰਿਸ਼ਵਤ ਦੀ ਮੰਗ ਕਰਦੇ ਹਨ, ਇਸ ਤਰ੍ਹਾਂ ਮਾਲ ਪਟਵਾਰੀ ਇਨ੍ਹਾਂ ਨਿੱਜੀ ਵਿਅਕਤੀਆਂ ਨਾਲ ਮਿਲਕੇ ਜ਼ਿਆਦਾਤਰ ਰਿਸ਼ਵਤਖੋਰੀ ਦਾ ਗੋਰਖਧੰਦਾ ਚਲਾ ਰਹੇ ਹਨ |
ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਨਿੱਜੀ ਵਿਅਕਤੀ, ਮਾਲ ਵਿਭਾਗ ਦੇ ਕੰਮ ਤੋਂ ਪੂਰੀ ਤਰ੍ਹਾਂ ਜਾਣੂ ਨਾ ਹੋਣ ਕਾਰਨ ਮਾਲ ਰਿਕਾਰਡ ਵਿਚ ਬਹੁਤ ਸਾਰੀਆਂ ਗ਼ਲਤੀਆਂ ਕਰ ਦਿੱਦੇ ਹਨ, ਜਿਸ ਕਾਰਨ ਆਮ ਜਨਤਾ ਪ੍ਰੇਸ਼ਾਨ ਹੁੰਦੀ ਹੈ |ਕਿਉਂਕਿ ਜਨਤਾ ਨੂੰ ਫਿਰ ਆਪਣੇ ਮਾਲ ਰਿਕਾਰਡ ਵਿਚ ਦਰੁਸਤਗੀ ਕਰਾਉਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪੱਤਰ ਵਿਚ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਇਸ ਸਾਰੀ ਪ੍ਰਕ੍ਰਿਆ ਦੀ ਛਾਣਬੀਣ ਕਰਕੇ ਚੈਕਿੰਗ ਕੀਤੀ ਜਾਵੇ ਅਤੇ ਸੰਬੰਧਿਤ ਪਟਵਾਰੀਆਂ ਖਿਲਾਫ਼ ਅਨੁਸ਼ਾਸਨੀ ਕਰਵਾਈ ਕੀਤੀ ਜਾਵੇ |