Breaking News

ਇਹ ਹੈ ਸਫ਼ਾਈ ਤੇ ਖ਼ੂਬਸੂਰਤੀ ਪੱਖੋਂ ਪੰਜਾਬ ’ਚੋਂ ਅੱਵਲ ਪਿੰਡ ਕੋਟ ਕਰੋੜ ਖੁਰਦ

 

ਪਿੰਡ ਕੋਟ ਕਰੋੜ ਖੁਰਦ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ੁਰੂਆਤੀ ਪਿੰਡਾਂ ਵਿੱਚ ਬਲਾਕ ਘੱਲ ਖੁਰਦ ਤੇ ਤਹਿਸੀਲ ਤਲਵੰਡੀ ਭਾਈ ਦੀ ਬੁੱਕਲ ਵਿੱਚ ਫ਼ਰੀਦਕੋਟ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਇਹ ਪਿੰਡ ਆਪਣੀਆਂ ਖ਼ੂਬੀਆਂ ਨਾਲ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ’ਤੇ ਆਇਆ ਹੈ। ਪਿੰਡ ਭਾਵੇਂ ਕਾਫ਼ੀ ਥੋੜ੍ਹੀ ਆਬਾਦੀ ਵਾਲਾ ਹੈ ਪਰ ਸੂਬੇ ਵਿੱਚੋਂ ਅੱਵਲ ਆ ਕੇ ਇਸ ਪਿੰਡ ਨੇ ਆਪਣੀ ਨਿਵੇਕਲੀ ਪਛਾਣ ਬਣਾ ਲਈ ਹੈ। ਕੋਟ ਕਰੋੜ ਖੁਰਦ ਨੂੰ ਇਸੇ ਸਾਲ ਸੁਤੰਤਰਤਾ ਦਿਵਸ ’ਤੇ ਪੰਜਾਬ ਵਿੱਚ ਹੋਏ ਖ਼ੂਬਸੂਰਤ ਪਿੰਡਾਂ ਦੇ ਮੁਕਾਬਲੇ ਵਿੱਚੋਂ ਅੱਵਲ ਦਰਜੇ ਦਾ ਪਿੰਡ ਐਲਾਨਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਲਗਪਗ ਸਾਢੇ ਬਾਰ੍ਹਾਂ ਹਜ਼ਾਰ ਪਿੰਡਾਂ ਵਿੱਚੋਂ ਇਸ ਲੜੀ ਵਿੱਚ ਕੁੱਲ 300 ਪਿੰਡ ਮੁਕਾਬਲੇ ਲਈ ਆਏ ਸਨ ਜਿਨ੍ਹਾਂ ਵਿੱਚੋਂ ਕੋਟ ਕਰੋੜ ਖੁਰਦ ਨੇ ਸਭ ਪਿੰਡਾਂ ਨੂੰ ਪਛਾੜ ਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿੰਡ ਦੀ ਖ਼ੂਬਸੂਰਤੀ, ਸਾਫ਼-ਸਫ਼ਾਈ ਤੇ ਨਵੀਂ ਨੁਹਾਰ ਪਿੱਛੇ ਸਭ ਤੋਂ ਵੱਡਾ ਯੋਗਦਾਨ ਇੱਥੋਂ ਦੀ ਸੁਚੱਜੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਹੈ।

ਪਿੰਡ ਦੀ ਭਲਾਈ ਲਈ ਜਿੱਥੇ ਪੰਚਾਇਤ ਨੇ ਸਰਕਾਰੀ ਗ੍ਰਾਂਟਾਂ ਦਾ ਪੂਰਾ ਇਸਤੇਮਾਲ ਕੀਤਾ ਹੈ, ਉੱਥੇ ਆਪਣੇ ਨਿੱਜੀ ਪੈਸੇ ਨਾਲ ਵੀ ਪਿੰਡ ਦਾ ਵਿਕਾਸ ਕੀਤਾ ਹੈ। ਪਿੰਡ ਵਿਚਲਾ ਵੱਖਰੀ ਤੇ ਨਿਵੇਕਲੀ ਦਿੱਖ ਵਾਲਾ ਬੱਸ ਸਟੈਂਡ, ਪੰਚਾਇਤ ਘਰ ਅਤੇ ਆਂਗਣਵਾੜੀ ਸੈਂਟਰ ਆਦਿ ਪਿੰਡ ਨੂੰ ਬਾਕੀ ਪਿੰਡਾਂ ਨਾਲੋਂ ਜੁਦਾ ਕਰਦੇ ਹਨ। ਸਰਪੰਚ ਵੱਲੋਂ ਦੋ ਕਨਾਲ ਜ਼ਮੀਨ ਦੇ ਕੇ ਆਪਣੇ ਪਿਤਾ ਗੁਰਦੇਵ ਸਿੰਘ ਰਾਠ ਦੀ ਯਾਦ ਵਿੱਚ ਇੱਕ ਪਾਰਕ ਅਤੇ ਬਜ਼ੁਰਗਾਂ ਲਈ ਸੱਥ ਤਿਆਰ ਕਰਵਾਈ ਗਈ। ਇਹ ਪਾਰਕ ਅਤੇ ਸੱਥ ਸ਼ਹਿਰਾਂ ਵਿਚਲੇ ਪਾਰਕਾਂ ਤੋਂ ਵੀ ਕਿਤੇ ਚੰਗੀ ਤਕਨੀਕ ਅਤੇ ਸੁੰਦਰ ਤਰੀਕੇ ਨਾਲ ਬਣਿਆ ਹੋਇਆ ਹੈ। ਪਿੰਡ ਵਿੱਚ ਹਰ ਗਲੀ ਕੰਕਰੀਟ ਦੀ ਬਣੀ ਹੋਈ ਹੈ ਅਤੇ ਸੀਵਰੇਜ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਪਿੰਡ ਵਿੱਚ ਸਾਰੇ ਘਰਾਂ ਦੇ ਬਾਹਰ ਪੰਚਾਇਤ ਵੱਲੋਂ ਘਰ ਦੇ ਮਾਲਕਾਂ ਦੇ ਨਾਮ ਦੀਆਂ ਸਜਾਵਟੀ ਤਖ਼ਤੀਆਂ ਲਗਵਾਈਆਂ ਗਈਆਂ ਹਨ ਜੋ ਘਰ ਦੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਪਿੰਡ ਵਿੱਚ ਬਾਹਰੋਂ ਆਉਣ ਵਾਲਿਆਂ ਲਈ ਸਹੂਲਤ ਬਣ ਰਹੀਆਂ ਹਨ।

ਪਿੰਡ ਵਿਚਲੇ ਸਹੂਲਤਾਂ ਨਾਲ ਲੈਸ ਪ੍ਰਾਇਮਰੀ ਤੇ ਮਿਡਲ ਸਕੂਲ ਪਿੰਡ ਦੇ ਅਗਾਂਹਵਧੂ ਹੋਣ ਦੀ ਹਾਮੀ ਭਰਦੇ ਹਨ। ਪਿੰਡ ਦੇ ਸਕੂਲ ਵਿੱਚ ਜਿੱਥੇ ਭਿੰਨ ਭਿੰਨ ਤਰ੍ਹਾਂ ਦੇ ਰੁੱਖ ਅਤੇ ਫਲਦਾਰ ਪੌਦੇ ਲਗਾਏ ਗਏ ਹਨ, ਉੱਥੇ ਮਿਡਲ ਸਕੂਲ ਵਿੱਚ ਆਹਲਾ ਦਰਜੇ ਦਾ ਬੌਟੈਨੀਕਲ ਗਾਰਡਨ ਵੀ ਬਣਿਆ ਹੋਇਆ ਹੈ। ਇਹ ਜ਼ਿਕਰਯੋਗ ਹੈ ਕਿ ਪਿੰਡ ਦੇ ਵਿਕਾਸ ਵਿੱਚ ਪੰਚਾਇਤ ਦਾ ਸਹਿਯੋਗ ਪਿੰਡ ਦੇ ਹਰੇਕ ਵਾਸੀ ਤੇ ਹਰ ਸੰਸਥਾ ਨੇ ਵਧ ਚੜ੍ਹ ਕੇ ਦਿੱਤਾ ਹੈ। ਇਸ ਪਿੰਡ ਦੀ ਵੱਖਰੀ ਤੇ ਸ਼ਲਾਘਾਯੋਗ ਗੱਲ ਇਹ ਹੈ ਕਿ ਪਿੰਡ ਦੇ ਰੁੱਖਾਂ ਉੱਤੇ ਲਗਾਏ ਮਿੱਟੀ ਦੇ ਆਲ੍ਹਣੇ ਅਤੇ ਫੀਡਰ ਲਗਾ ਕੇ ਪੰਛੀ ਲਈ ਰੈਣ-ਬਸੇਰੇ ਬਣਾਏ ਗਏ ਹਨ। ਇਸ ਕੰਮ ਵਿੱਚ ਪਿੰਡ ਵਾਸੀ ਗੁਰਵਿੰਦਰ ਸਿੰਘ ਤੇ ਮਾਸਟਰ ਗੁਰਪ੍ਰੀਤ ਸਰਾਂ ਦਾ ਯੋਗਦਾਨ ਵਿਸ਼ੇਸ਼ ਹੈ। ਪਿੰਡ ਨੂੰ ਪੱਕੀਆਂ ਲਿੰਕ ਸੜਕਾਂ ਦੀ ਸਹੂਲਤ ਉਪਲੱਭਦ ਹੈ।

ਪਿੰਡ ਵਿੱਚ ਪੌਦੇ ਲਾਉਣ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀ ਪੌਦੇ ਲਾਉਣ ਤਕ ਹੀ ਸੀਮਤ ਨਹੀਂ ਸਗੋਂ ਪੌਦਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਸਜਾਵਟੀ ਵਾੜ ਲਗਾ ਕੇ ਛੋਟੇ ਪੌਦਿਆਂ ਦੀ ਰਖਵਾਲੀ ਕੀਤੀ ਜਾਂਦੀ ਹੈ। ਇੰਨੀ ਮਿਹਨਤ ਸਦਕਾ ਅੱਜ ਪਿੰਡ ਵਿੱਚ ਹਰਿਆਲੀ ਦੇਖਣਯੋਗ ਰੂਪ ਲੈ ਚੁੱਕੀ ਹੈ। ਆਪਣੀ ਕੁਦਰਤੀ ਖ਼ੂਬਸੂਰਤੀ ਕਰਕੇ ਇਹ ਪਿੰਡ ਇਸ ਵਸਦੀ ਦੁਨੀਆਂ ਦੇ ਸਵਰਗ ਵਾਂਗ ਜਾਪਦਾ ਹੈ। ਰਾਤ ਸਮੇਂ ਰੌਸ਼ਨੀ ਦੀ ਸਹੂਲਤ ਲਈ ਖੰਭਿਆ ਉੱਤੇ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਪਿੰਡ ਦੇ ਲੋਕਾਂ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਪਿੰਡ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਆਪਸੀ ਲੜਾਈ ਝਗੜਿਆਂ ਤੋਂ ਦੂਰ ਹਨ।

ਪਿੰਡ ਵਿੱਚ ਸਾਂਝੀਵਾਲਤਾ ਦੀ ਹਾਮੀ ਭਰਦਾ ਬਹੁਤ ਹੀ ਖ਼ੂਬਸੂਰਤ ਸ਼ਮਸ਼ਾਨਘਾਟ ਬਣਿਆ ਹੋਇਆ ਹੈ। ਪਿੰਡ ਦੀਆਂ ਹੋਰ ਪ੍ਰਾਪਤੀਆਂ ਵਿੱਚ ਹਰ ਸੰਗਰਾਂਦ ’ਤੇ ਆਗਿਆਕਾਰ ਬੱਚਿਆਂ ਨੂੰ ਸਨਮਾਨਿਤ ਕਰਨਾ ਵੀ ਸ਼ਾਮਿਲ ਹੈ। ਸਰਪੰਚ ਰਾਜਾ ਕੋਟਲਾ ਨੇ ਆਪਣੇ ਪੱਧਰ ’ਤੇ ਹਰ ਘਰ ਨੂੰ ਮੁਫ਼ਤ ਪੈੱਨਡਰਾਈਵ ਦਿੱਤੀ ਹੈ ਜਿਸ ਵਿੱਚ ਗੁਰਬਾਣੀ ਰਿਕਾਰਡਿੰਗ ਕਰਵਾਈ ਗਈ ਹੈ। ਇਸ ਤਰ੍ਹਾਂ ਪਿੰਡ ਵਿੱਚ ਬਾਹਰੀ ਸਾਫ਼-ਸਫ਼ਾਈ ਦੇ ਨਾਲ ਨਾਲ ਮਨ ਦੀ ਸਫ਼ਾਈ ਵੱਲ ਵੀ ਯਤਨ ਕੀਤੇ ਗਏ ਹਨ। ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਸਦਕਾ ਧਰਮਸ਼ਾਲਾ ਤੇ ਗੁਰਦੁਆਰੇ ਦੀ ਸੰਦਰ ਇਮਾਰਤ ਬਣਾਉਣ ਤੋਂ ਇਲਾਵਾ ਲੜਕੀਆਂ ਦੇ ਸਰਕਾਰੀ ਸਕੂਲ ਜਾਣ ਲਈ ਵੀ ਵੈਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਪਿੰਡ ਵਿੱਚ ਸਕਿੱਲ ਸੈਂਟਰ ਖੋਲ੍ਹਣ ਦੀ ਤਜਵੀਜ਼ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਪਿੰਡ ਦੀ ਸਫ਼ਾਈ ਲਈ ਉਚੇਚਾ ਧਿਆਨ ਰੱਖਦਿਆਂ ਡੰਪ ਪ੍ਰਾਜੈਕਟ ਤੇ ਛੱਪੜਾਂ ਦੀ ਸਫ਼ਾਈ ਵੀ ਨਵੀਂ ਤਕਨਾਲੋਜੀ ਨਾਲ ਕਰਵਾਈ ਜਾ ਰਹੀ ਹੈ। ਪਿੰਡ ਨੂੰ ਸੂਬੇ ਵਿੱਚ ਅੱਵਲ ਆਉਣ ’ਤੇ ਪੰਜਾਬ ਸਰਕਾਰ ਨੇ 10 ਲੱਖ ਦੀ ਰਕਮ ਦੇ ਕੇ ਸਨਮਾਨਿਆ ਹੈ। ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਨੂੰ ਨੈਸ਼ਨਲ ਪੱਧਰ ’ਤੇ ਅੱਵਲ ਲਿਆਉਣ ਲਈ ਜੰਗੀ ਪੱਧਰ ’ਤੇ ਯਤਨ ਜਾਰੀ ਹਨ।

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …