ਘਟਦੇ ਰਕਬੇ ਦੇ ਨਾਲ-ਨਾਲ ਸੂਬੇ ਵਿਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ | ਜਿਸ ਕਾਰਨ ਪਿਛਲੇ ਕੁਝ ਸਾਲਾਂ ਤੋਂ ਘੱਟ ਜਾਂ ਬਿਨਾਂ ਜ਼ਮੀਨ ਵਾਲੇ ਕਿਸਾਨਾਂ ਦਾ ਬੇਰੁਜ਼ਗਾਰੀ ਕਾਰਨ ਠੇਕੇ ਵਾਲੀਆਂ ਜ਼ਮੀਨਾਂ ਲੈਣ ਦਾ ਰੁਝਾਨ ਵਧਦਾ ਜਾ ਰਿਹਾ ਹੈ | ਪਿਛਲੇ ਸਾਲ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਉਨ੍ਹਾਂ ਵਲੋਂ ਚੋਣਾਂ ਦੌਰਾਨ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ |
ਕਰੀਬ ਇਕ ਸਾਲ ਦਾ ਵਕਤ ਲੰਘਣ ਦੇ ਬਾਵਜੂਦ ਵੀ ਇਹ ਵਾਅਦਾ ਵਫ਼ਾ ਨਹੀਂ ਹੋਇਆ, ਜਿਸ ਕਾਰਨ ਨੌਜਵਾਨ ਕਿਸਾਨ ਬੇਰੁਜ਼ਗਾਰੀ ਕਾਰਨ ਮਹਿੰਗੇ ਮੁੱਲ ‘ਤੇ ਠੇਕੇ ਉੱਪਰ ਜ਼ਮੀਨ ਲੈ ਰਹੇ ਹਨ |(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਇਸ ਸਾਲ ਬਾਸਮਤੀ ਝੋਨਾ ਦਾ ਰੇਟ ਵੱਧ ਹੋਣ ਕਰਕੇ ਜਮੀਨਾਂ ਦੇ ਠੇਕੇ ਵੱਧ ਗਏ ਹਨ | ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਔਸਤਨ ਸੱਤ ਤੋਂ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਦਾ ਠੇਕਾ ਵਧ ਗਿਆ ਹੈ |
ਮਾਲਵਾ ਪੱਟੀ ‘ਚ ਇਕ ਸਾਲ ਲਈ ਪ੍ਰਤੀ ਏਕੜ ਜ਼ਮੀਨ ਦਾ ਠੇਕਾ ਔਸਤਨ 55 ਤੋਂ 65 ਹਜ਼ਾਰ ਦੇ ਵਿਚਕਾਰ ਚੱਲ ਰਿਹਾ ਹੈ ਪਰ ਜਿਨਸਾਂ ਦੇ ਲਾਹੇਬੰਦ ਭਾਅ ਨਾ ਮਿਲਣ ਕਾਰਨ ਕਿਸਾਨ ਠੇਕੇ ‘ਤੇ ਜ਼ਮੀਨਾਂ ਲੈਣ ਵਾਲੇ ਅਗਲੇ ਸਾਲ ਘਾਟਾ ਪੂਰਾ ਹੋਣ ਦੀ ਆਸ ‘ਚ ਮਹਿੰਗੀਆਂ ਜ਼ਮੀਨਾਂ ਲੈ ਕੇ ਆਪਣੇ ਬੇਰੁਜ਼ਗਾਰ ਨੌਜਵਾਨ ਧੀਆਂ-ਪੁੱਤਰਾਂ ਨੂੰ ਨਾਲ ਲਾ ਕੇ ਖੇਤੀ ਕਰ ਰਹੇ ਹਨ | ਜਦੋਂ ਕਿ ਠੇਕੇ ‘ਤੇ ਜ਼ਮੀਨਾਂ ਦੇਣ ਵਾਲਿਆਂ ਵਿਚ ਖ਼ੁਸ਼ੀਆਂ ਦਾ ਮਾਹੌਲ ਹੈ |
ਇਸ ਸਬੰਧੀ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਰਕਾਰਾਂ ਨੇ ਕਦੇ ਕਿਸਾਨੀ ਦੀ ਬਾਂਹ ਨਹੀਂ ਫੜ੍ਹੀ, ਕਿਉਂਕਿ ਜੇਕਰ ਜਿਨਸਾਂ ਦਾ ਵਾਜ੍ਹਬ ਮੁੱਲ ਮੁਕੱਰਰ ਕੀਤਾ ਜਾਵੇ ਤਾਂ ਖੇਤੀ ਨੂੰ ਲਾਹੇਬੰਦ ਧੰਦਾ ਬਣਾਇਆ ਜਾ ਸਕਦਾ ਹੈ | ਕੈਪਟਨ ਸਰਕਾਰ ਦੇ ਹਰ ਘਰ ਨੌਕਰੀ ਵਾਲੇ ਝੂਠੇ ਲਾਰਿਆਂ ਤੋਂ ਨਿਰਾਸ਼ ਬੇਰੁਜ਼ਗਾਰ ਨੌਜਵਾਨ ਕਿਸਾਨ ਮਹਿੰਗੇ ਮੁੱਲਾਂ ‘ਤੇ ਠੇਕੇ ਉੱਪਰ ਜ਼ਮੀਨਾਂ ਲੈ ਰਹੇ ਹਨ, ਜਦੋਂ ਕਿ ਖੇਤੀ ਘਾਟੇ ਦਾ ਸੌਦਾ ਬਣ ਚੁੱਕੀ ਹੈ |
ਲਗਾਤਾਰ ਘਾਟਾ ਪੈਣ ਕਾਰਨ ਕਿਸਾਨ ਖ਼ੁਦਕੁਸ਼ੀ ‘ਚ ਵੀ ਵਾਧਾ ਹੋ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਨੂੰ ਆਰਥਿਕ ਘਾਟੇ ‘ਚੋਂ ਕੱਢਣ ਲਈ ਹਰ ਬੇਰੁਜ਼ਗਾਰ ਕਿਸਾਨ ਨੂੰ ਨੌਕਰੀ ਜਾਂ ਬੇਰੁਜ਼ਗਾਰੀ ਭੱਤਾ ਦੇਣਾ, ਬਕਾਇਆ ਕਰਜ਼ਿਆਂ ਦੀ ਮੁਆਫ਼ੀ ਅਤੇ ਜਿਨਸਾਂ ਦੇ ਲਾਹੇਵੰਦ ਭਾਅ ਦੇਵੇ ਤਾਂ ਕਿਸਾਨ ਆਪਣਾ ਚੰਗਾ ਜੀਵਨ ਬਸਰ ਕਰ ਸਕੇ |