v class=”entry-content”>
ਸੁਨਾਮ ਦੇ ਕਿਸਾਨ ਰੂਪ ਸਿੰਘ ਸ਼ੇਰੋ ਨੇ ਇਹ ਸਾਬਿਤ ਕਰ ਦਿੱਤਾ ਕਿ ਇਨਸਾਨ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਪ੍ਰਾਪਤ ਕਰ ਸਕਦਾ ਹੈ। ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦਾ ਰਸਤਾ ਚੁਣ ਰਿਹਾ ਹੈ ਪਰ ਓਥੇ ਹੀ ਇਕ ਦਲਿਤ ਪਰਿਵਾਰ ਵਿਚ ਪੈਦਾ ਹੋ ਕੇ ਰੂਪ ਸਿੰਘ ਨੇ ਇਕ ਅਜੇਹੀ ਮਿਸਾਲ ਪੈਦਾ ਕੀਤੀ ਹੈ ਜੋ ਬਹੁਤ ਸਾਰੇ ਕਿਸਾਨਾਂ ਲਈ ਉਮੀਦ ਬਣ ਸਕਦੀ ਹੈ ।
ਰੂਪ ਸਿੰਘ ਨੇ ਆਪਣੀ ਜਿੰਦਗੀ ਦੀ ਸ਼ੁਰੁਆਤ 12 ਸਾਲ ਦੀ ਉਮਰ ਵਿੱਚ ਇਕ ਜਿਮੀਦਾਰ ਦੇ ਘਰ 75 ਰੁਪਏ ਮਹੀਨਾ ਤੇ ਪਾਲੀ ਰਲ ਕੇ ਕੀਤੀ ਜਿਵੇਂ ਕਿ ਜ਼ਿਆਦਤਰ ਦਲਿਤ ਪਰਿਵਾਰ ਦੇ ਮੁੰਡੇ ਕਰਦੇ ਹਨ । ਫਿਰ ਉਸਨੇ ਆਪਣੇ ਪਿੰਡ ਦੇ ਕਿਸਾਨ ਜਗਜੀਤ ਸਿੰਘ ਨਾਲ ਪੰਜਵੇ ਹਿੱਸੇ ਤੇ 10 ਸਾਲ ਸੀਰੀ ਰਿਹਾ । ਰੂਪ ਸਿੰਘ ਦੀ ਖੇਤੀ ਪ੍ਰਤੀ ਲਗਨ ਦੇਖ ਕੇ ਇਕ ਕਿਸਾਨ ਸਤਨਾਮ ਸਿੰਘ ਦੇ ਹੋਂਸਲਾ ਦੇਣ ਤੇ 8 ਏਕੜ ਜਮੀਨ ਉਸ ਨਾਲ ਅੱਧ ਤੇ ਖੇਤੀ ਕਰ ਲਈ ਜਿਸ ਵਿੱਚ ਉਸਨੂੰ ਕਾਫੀ ਮੁਨਾਫ਼ਾ ਹੋਇਆ । ਉਸ ਵਿੱਚ ਰੂਪ ਸਿੰਘ ਨੂੰ ਸਫਲਤਾ ਦਾ ਅਜਿਹਾ ਚਸਕਾ ਪਿਆ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ । ਕਰਦੇ ਕਰਦੇ ਹੁਣ ਇਹ ਕਿਸਾਨ 100 ਏਕੜ ਜਮੀਨ ਦੀ ਵਾਹੀ ਕਰਦਾ ਹੈ ।
ਰੂਪ ਸਿੰਘ ਨੇ ਦੱਸਿਆ ਕੇ ਖੇਤੀ ਤੋਂ ਬਿਨਾ ਇਸ ਵਕ਼ਤ ਉਸ ਕੋਲ ਇਕ ਕੰਬਾਈਨ, ਇਕ ਤੂੜੀ ਰੀਪਰ,ਤਿੰਨ ਟਰਾਲੀਆਂ ,ਤਿੰਨ ਟਰੈਕਟਰ ਹਨ ।ਉਸਦੇ ਤਿੰਨ ਪੁੱਤਰ ਹਨ ਜੋ ਖੇਤੀ ਵਿੱਚ ਉਸਦਾ ਹੱਥ ਵਟਾਉਂਦੇ ਹਨ ।ਦੋ ਕੁੜੀਆਂ ਹਨ ਜਿਨ੍ਹਾਂ ਦੀ ਵਿਆਹ ਉਸਨੇ ਬੜੀ ਧੂਮ-ਧਾਮ ਨਾਲ ਕੀਤਾ ਸੀ । ਰੂਪ ਸਿੰਘ ਕਹਿੰਦਾ ਹੈ ਉਸਨੇ ਇਕ ਪੈਸਾ ਵੀ ਕਿਸੇ ਬੈੰਕ ਦਾ ਨਹੀਂ ਦੇਣਾ । ਰੂਪ ਸਿੰਘ 100 ਕਿੱਲਿਆਂ ਦਾ ਠੇਕਾ 50 ਲੱਖ ਰੁਪਏ ਦਿੰਦੇ ਹਨ । ਇਸ ਵਿਚੋਂ ਅੱਧ ਤੋਂ ਵੱਧ ਪੈਸੇ ਉਹਨਾਂ ਦੇ ਆਪਣੇ ਹੁੰਦੇ ਹਨ ਤੇ ਬਾਕੀ ਪੈਸੇ ਆੜਤੀਆਂ ਤੋਂ ਲਈ ਕੇ ਦਿੰਦੇ ਹਨ ।
ਰੂਪ ਸਿੰਘ ਦਸਦੇ ਹਨ ਕਿ ਅੱਧਾ ਕਿੱਲਾ ਉਹਨਾਂ ਕੋਲ ਜੱਦੀ ਜਮੀਨ ਸੀ ।ਉਸ ਪਿੱਛੋਂ ਸਵਾ ਦੋ ਏਕੜ ਜਮੀਨ ਉਹਨਾਂ ਨੇ ਮੁੱਲ ਖਰੀਦੀ ।ਉਸਨੇ ਦੱਸਿਆ ਕਿ ਇਕ ਵਾਰ ਸ਼ਰੀਕੇ ਦੇ ਕਹਿਣ ‘ਤੇ ਪੰਚਾਇਤ ਮੈਂਬਰ ਵੀ ਬਣ ਗਿਆ ਸੀ ਪਰ ਕੰਮ ਦਾ ਨੁਕਸਾਨ ਹੋਣ ਕਰਕੇ ਦੁਬਾਰਾ ਇਸ ਕੰਮ ਵੱਲ ਕਦੇ ਮੂੰਹ ਹੀ ਨਹੀਂ ਕੀਤਾ । ਉਸਨੇ ਬੜੇ ਮਾਨ ਨਾਲ ਦੱਸਿਆ ਕਿ ਰੇਹ, ਤੇਲ ,ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇਣ ਵਾਲੇ ਵਾਪਰੀ ਉਸਨੂੰ ਘੱਟੋ ਘੱਟ ਭਾਅ ਉਤੇ ਇਹ ਚੀਜਾਂ ਦੇਣ ਲਈ ਖੁਦ ਪਹੁੰਚ ਕਰਦੇ ਹਨ ।ਕਿਓਂਕਿ ਉਸਨੇ ਜਿੰਦਗੀ ਵਿੱਚ ਅੱਜ ਤੱਕ ਕਿਸੇ ਦਾ ਇਕ ਪੈਸਾ ਵੀ ਨਹੀਂ ਰੱਖਿਆ ।
ਉਸਨੇ ਆਪਣੇ ਕਾਮਯਾਬੀ ਦੇ ਰਾਜ ਪੁੱਛਣ ਤੇ ਦੱਸਿਆ ਕੇ ਉਸਦਾ ਸਾਰਾ ਪਰਿਵਾਰ ਖੇਤਾਂ ਵਿੱਚ ਆਪ ਕੰਮ ਕਰਦਾ ਹੈ ਜਿਸ ਵਿੱਚ ਉਸਦੇ ਪਰਿਵਾਰ ਦੀਆਂ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।ਸਾਰਾ ਪਰਿਵਾਰ ਆਪਣੀ ਆਪਣੀ ਸਮਰਥਾ ਦੇ ਹਿਸਾਬ ਨਾਲ ਕੰਮ ਕਰਦਾ ਰਹਿੰਦਾ ਹੈ ।ਨਾਲ ਹੀ ਉਸਨੇ ਕਿਹਾ ਕਿ ਉਹ ਕਣਕ ਤੇ ਜ਼ੀਰੀ ਦੀ ਕਟਾਈ ਕਰਕੇ ਇਕ -ਇਕ ਲੱਖ ਰੁਪਏ ਪ੍ਰਤੀ ਸੀਜ਼ਨ ਕਮਾਉਂਦਾ ਹੈ ।