ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ ਉਦਮੀ ਕਿਸਾਨਾਂ ਵੱਲੋਂ ਖੇਤੀ ਵਿੱਚ ਨਵੇਂ ਮਾਅਰਕੇ ਮਾਰ ਕੇ ਕੇਂਦਰ ਦੇ ਅਨਾਜ ਭੰਡਾਰ ਵਿੱਚ ਅਨਾਜ ਦਾ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਪਰ ਅਜੋਕੀ ਸਥਿਤੀ ਵਿੱਚ ਜ਼ਮੀਨਾਂ ਘਟਣ, ਪਾਣੀ ਦਾ ਪੱਧਰ ਨੀਵਾਂ ਹੋਣ, ਉਪਜ ਦੇ ਮੰਡੀਕਰਨ ਆਦਿ ਸਮੱਸਿਆਵਾਂ ਕਰਕੇ ਕਿਸਾਨੀ ਨਿਵਾਣਾਂ ਵੱਲ ਜਾ ਰਹੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਉਪਰ ਉਠ ਕੇ ਮਾਲਵਾ ਪੱਟੀ ’ਚੋਂ ਪਿੰਡ ਰਾਮਪੁਰਾ, ਜ਼ਿਲ੍ਹਾ ਬਠਿੰਡਾ ਦੇ ਅਗਾਂਹ ਵਧੂ ਕਿਸਾਨ ਦਰਸ਼ਨ ਸਿੰਘ ਸਿੱਧੂ ਨੇ ਰਵਾਇਤੀ ਫ਼ਸਲੀ ਚੱਕਰ ਵਿੱਚ ਤਬਦੀਲੀ ਕਰਕੇ ਨਵੇਂ ਫ਼ਸਲੀ ਚੱਕਰ ਅਪਣਾਏ ਹਨ ਅਤੇ ਆਪਣੀ ਖੇਤੀ ਆਮਦਨੀ ’ਚ ਚੋਖਾ ਵਾਧਾ ਕਰ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ।
ਉਸ ਨੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਬਲਕਿ ਚੌਪਰ ਮਸ਼ੀਨ ਨਾਲ ਕੱਟ ਕੇ ਜ਼ਮੀਨ ਵਿੱਚ ਦਬਾਇਆ ਹੈ। ਝੋਨੇ ਦੀ ਪਰਾਲੀ ਜ਼ਮੀਨ ਵਿੱਚ ਦਬਾਉਣ ਨਾਲ ਇਸ ਵਿੱਚ ਜੈਵਿਕ ਮਾਦਾ ਬਹੁਤ ਤੇਜ਼ੀ ਨਾਲ ਵਧਿਆ ਹੈ, ਜਿਸ ਕਰਕੇ ਯੂਰੀਆ ਖਾਦ ਦੀ ਖ਼ਪਤ ਘਟੀ ਹੈ। ਦਰਸ਼ਨ ਸਿੰਘ ਝੋਨੇ ਅਤੇ ਮੱਕੀ ਵਿੱਚ ਯੂਰੀਆ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੱਚਤ ਲਈ ਝੋਨੇ ਦੀ ਫ਼ਸਲ ਵਿੱਚ ਟੈਸ਼ੀਓਮੀਟਰ ਦੀ ਵਰਤੋਂ ਕਰਕੇ ਸਿਰਫ਼ ਲੋੜ ਅਨੁਸਾਰ ਪਾਣੀ ਦਿੱਤਾ ਜਾਂਦਾ ਹੈ।
ਸ਼ੁਰੂ ਵਿੱਚ ਉਸ ਨੇ ਰਵਾਇਤੀ ਖੇਤੀ ਕਰਦਿਆਂ ਕਣਕ-ਝੋਨਾ ਫ਼ਸਲੀ ਚੱਕਰ ਅਪਣਾਇਆ ਪਰ ਥੋੜ੍ਹੇ ਸਮੇਂ ਬਾਅਦ ਹੀ ਉਸ ਨੇ ਇਸ ਵਿੱਚ ਤਬਦੀਲੀ ਕਰਦਿਆਂ ਖੇਤੀ ਵਿੱਚ ਵਿਭਿੰਨਤਾ ਲਿਆਉਣੀ ਸ਼ੁਰੂ ਕਰ ਦਿੱਤੀ। ਹੁਣ ਉਸ ਨੇ ਆਪਣੀ 35 ਏਕੜ ਜ਼ਮੀਨ ਤੇ ਲਗਾਤਰ ਝੋਨਾ-ਆਲੂ-ਮੱਕੀ ਤੇ ਸਬਜ਼ੀਆਂ ਦਾ ਫ਼ਸਲੀ ਚੱਕਰ ਅਪਣਾ ਰਿਹਾ ਹੈ। ਉਸ ਵੱਲੋਂ ਹਰ ਸਾਲ ਔਸਤਨ 35 ਕੁਇੰਟਲ ਝੋਨਾ, 150 ਕੁਇੰਟਲ ਆਲੂ, 35 ਕੁਇੰਟਲ ਮੱਕੀ, 70 ਕੁਇੰਟਲ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਝਾੜ ਪ੍ਰਤੀ ਏਕੜ ਲਿਆ ਜਾ ਰਿਹਾ ਹੈ।
ਦਰਸ਼ਨ ਸਿੰਘ ਕੋਲ ਦੋ ਟਰੈਕਟਰ (60 ਹਾਰਸ ਪਾਵਰ ਅਤੇ 35 ਹਾਰਸ ਪਾਵਰ) ਹਨ। ਇਸ ਤੋਂ ਇਲਾਵਾ ਖੇਤੀ ਲਈ ਵਰਤੀ ਜਾਣ ਵਾਲੀ ਹਰ ਮਸ਼ੀਨਰੀ ਉਸ ਨੇ ਖ਼ਰੀਦੀ ਹੋਈ ਹੈ। ਸਭ ਤੋਂ ਖ਼ਾਸ ਮਸ਼ੀਨ ਜੋ ਉਸ ਨੇ 2 ਸਾਲ ਪਹਿਲਾਂ ਖ਼ਰੀਦੀ ਸੀ ਉਹ ਹੈ ਝੋਨੇ ਦੀ ਪਰਾਲੀ ਦਾ ਕੁਤਰਾ ਕਰਨ ਵਾਲੀ ਮਸ਼ੀਨ। ਇਹ ਦੋ ਲੱਖ ਰੁਪਏ ਦੀ ਲਾਗਤ ਵਾਲੀ ਮਸ਼ੀਨ ਪਰਾਲੀ ਦਾ ਬਾਰੀਕ ਚੂਰਾ ਕਰ ਦਿੰਦੀ ਹੈ ਅਤੇ ਇਸ ਉਪਰੰਤ ਖੇਤ ਵਿੱਚ ਰੋਟਾਵੇਟਰ ਦੀ ਵਰਤੋਂ ਕਰਨ ਨਾਲ ਝੋਨੇ ਵਾਲਾ ਖੇਤ ਆਲੂਆਂ ਦੀ ਬਿਜਾਈ ਲਈ ਤਿਆਰ ਹੋ ਜਾਂਦਾ ਹੈ।
ਉਸ ਵੱਲੋਂ ਆਲੂ ਅਤੇ ਮੱਕੀ ਦਾ ਮੰਡੀਕਰਨ ਵੀ ਖ਼ੁਦ ਕੀਤਾ ਜਾਂਦਾ ਹੈ। ਆਲੂ ਦੀਆਂ ਨਵੀਆਂ ਕਿਸਮਾਂ ਦਾ ਬੀਜ ਸਿੱਧਾ ਕਿਸਾਨਾਂ ਨੂੰ ਮੁਹੱਇਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੱਕੀ ਦੀ ਫ਼ਸਲ ਦਾ ਕੁਝ ਹਿੱਸਾ ਡੇਅਰੀ ਦੇ ਧੰਦੇ ਲਈ ਪਸ਼ੂਆਂ ਦੀ ਫੀਡ ਲਈ ਰੱਖਿਆ ਜਾਂਦਾ ਹੈ।
ਦਰਸ਼ਨ ਸਿੰਘ ਸਿੱਧੂ ਕੋਲ ਪਿਛਲੇ ਕਈ ਸਾਲਾਂ ਖੇਤੀ ਦਾ ਹਰ ਰਿਕਾਰਡ ਮੌਜੂਦ ਹੈ। ਇਸ ਵਿੱਚ ਖੇਤੀ ਵਿੱਚੋਂ ਕਮਾਏ ਅਤੇ ਖ਼ਰਚੇ ਹਰ ਪੈਸੇ ਦਾ ਹਿਸਾਬ ਮੌਜੂਦ ਹੈ। ਪਿਛਲੇ ਕਈ ਸਾਲਾਂ ਤੋਂ ਹਰ ਫ਼ਸਲ ਦਾ ਝਾੜ ਅਤੇ ਮੁਨਾਫ਼ਾ ਖੇਤੀ ਵਹੀ ਖਾਤੇ ਵਿੱਚ ਦਰਜ ਹੈ।ਫ਼ਸਲ ਦੀ ਬਿਜਾਈ ਤੋਂ ਲੈ ਕੇ ਵੇਚਣ ਤੱਕ ਹਰ ਕੰਮ ਦਾ ਵੇਰਵਾ ਖੇਤੀ ਰਿਕਾਰਡ ਵਿੱਚ ਦਰਜ ਹੈ।
ਉਸ ਵੱਲੋਂ ਡੇਅਰੀ ਧੰਦੇ ਦਾ ਵੱਖਰਾ ਵਹੀ ਖਾਤਾ ਬਣਾਇਆ ਗਿਆ ਹੈ। ਇਹ ਕਿਸਾਨ ਖੇਤੀ ਦੇ ਕੰਮ ਕਾਰ ਦਾ ਵੇਰਵਾ ਰੋਜ਼ਾਨਾ ਡਾਇਰੀ ਵਿੱਚ ਦਰਜ ਕਰਦਾ ਹੈ। ਕਿਸ ਕਾਮੇ ਨੇ ਸਾਲ ਵਿੱਚ ਕਿਸ ਦਿਨ ਕੀ ਕੰਮ ਕੀਤਾ, ਇਸ ਸਭ ਦਾ ਵੇਰਵਾ ਵੀ ਉਸ ਦੀ ਡਾਇਰੀ ਵਿੱਚ ਦਰਜ ਹੁੰਦਾ ਹੈ। ਆਪਣੀ ਇਸ ਮਿਹਨਤ ਸਦਕਾ ਉਸ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਯੂਨੀਵਰਸਿਟੀ ਤੋਂ ਵੱਖ ਵੱਖ ਐਵਾਰਡ ਹਾਸਲ ਕਰਨ ਤੋਂ ਇਲਾਵਾ ਕੌਮੀ ਪੱਧਰ ’ਤੇ ਵੀ ਸਨਮਾਨ ਹਾਸਲ ਕੀਤੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ।