ਕਾਗਜ਼ ਤਿਆਰ ਕਰਨ ਵਾਲੀ ਮੋਹਰੀ ਕੰਪਨੀ ਨੇ ਪੰਜਾਬ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਹ ਯੂਨਿਟ ਰੂਪਨਗਰ ਜ਼ਿਲ੍ਹੇ ਵਿੱਚ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ।
ਇਸ ਨਾਲ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਲ ਮਿਲੇਗਾ, ਉੱਥੇ ਹੀ ਫਸਲਾਂ ਦੀ ਰਹਿੰਦ-ਖੂੰਹਦ ਨਾਲ ਲਿਖਣ ਤੇ ਛਪਾਈ ਵਾਲੇ ਕਾਗਜ਼ ਤਿਆਰ ਕੀਤੇ ਜਾਣਗੇ।
ਬੁਲਾਰੇ ਨੇ ਦੱਸਿਆ ਕਿ ਮੈਸਰਜ਼ ਰੂਚੀਰਾ ਪੇਪਰਜ਼ ਲਿਮਟਡ ਨੇ ਵੱਡੇ ਪੱਧਰ ’ਤੇ ਨਵਾਂ ਯੂਨਿਟ ਲਾਉਣ ਲਈ ਸਰਕਾਰ ਤੋਂ ਪ੍ਰਵਾਨਗੀਆਂ ਲੈਣ ਲਈ ਲੰਘੇ ਦਿਨ 27 ਸਤੰਬਰ ਨੂੰ ਨਿਵੇਸ਼ ਪੰਜਾਬ ਦੇ ਦਫ਼ਤਰ ਵਿਚ ਅਰਜ਼ੀ ਦਿੱਤੀ ਹੈ।
ਇਹ ਪ੍ਰਾਜੈਕਟ ਸਾਲ 2019 ਵਿਚ ਚਾਲੂ ਹੋ ਜਾਣ ਦੀ ਸੰਭਾਵਨਾ ਹੈ ਤੇ ਕੰਪਨੀ ਮੁਤਾਬਕ ਇਸ ਪ੍ਰਾਜੈਕਟ ਨਾਲ 3500 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਹ ਕੰਪਨੀ ਲਿਖਣ ਤੇ ਛਪਾਈ ਦਾ ਪੇਪਰ ਤਿਆਰ ਕਰਨ ਦੇ ਨਾਲ ਨਾਲ ਇਸ ਦਾ ਕਰਾਫਟ ਪੇਪਰ ਜਾ ਜਾਣਿਆ-ਪਛਾਣਿਆ ਬ੍ਰਾਂਡ ਹੈ।
ਰੂਚੀਰਾ ਪੇਪਰਜ਼ ਕੰਪਨੀ ਦੀ ਸਥਾਪਨਾ 1980 ਵਿੱਚ ਹੋਈ ਤੇ ਇਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਸਨਅਤ ਦੇ ਹੱਕ ਵਿੱਚ ਚੁੱਕੇ ਕਦਮਾਂ ਦੇ ਮੱਦੇਨਜ਼ਰ ਇਸ ਕੰਪਨੀ ਵੱਲੋਂ ਪੰਜਾਬ ਵਿਚ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ।