ਜਿਵੇਂ ਜਿਵੇਂ ਨਵੰਬਰ ਮਹੀਨਾ ਨੇੜੇ ਆ ਰਿਹਾ ਹੈ, ਉਵੇਂ ਉਵੇਂ ਹੀ ਨਵੰਬਰ ਮਹੀਨੇ ‘ਚ ਸ਼੍ਰੋਮਣੀ ਕਮੇਟੀ ਦੇ ਹੋਣ ਵਾਲੇ ਇਜਲਾਸ ਨੂੰ ਲੈ ਕੇ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼੍ਰੋਮਣੀ ਕਮੇਟੀ ਦਾ ਅਗਲਾ ਨਵਾਂ ਪ੍ਰਧਾਨ ਕੌਣ ਹੋਵੇਗਾ। ਨਵੰਬਰ ਮਹੀਨੇ ‘ਚ ਸ਼੍ਰੋਮਣੀ ਕਮੇਟੀ ਦੇ ਹੋਣ ਵਾਲੇ ਇਜਲਾਸ ਦੀ ਤਰੀਕ ਤਾਂ ਭਾਵੇ ਅਜੇ ਪੱਕੀ ਨਹੀਂ ਹੋਈ ਪਰ ਉਸ ਇਜਲਾਸ ਵਿਚ ਹੋਣ ਵਾਲੀ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਆਸੀ ਮਾਹਰਾਂ ਵਲੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਜਲਾਸ ਵਿਚ ਫਿਰ ਤੋਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਹੀ ਪ੍ਰਧਾਨ ਬਣਨਗੇ ਜਾਂ ਫਿਰ ਕੋਈ ਹੋਰ ਚਿਹਰਾ ਸਾਹਮਣੇ ਆਵੇਗਾ।ਦੂਜੇ ਪਾਸੇ ਮਾਹਰਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਹੋਣ ਵਾਲੇ ਇਜਲਾਸ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਚੁਕੀਆਂ ਹਨ ਤੇ ਅਕਾਲੀ ਲੀਡਰਸਿਪ ਵਲੋਂ ਕਈ ਨਾਵਾਂ ‘ਤੇ ਵਿਚਾਰਾਂ ਵੀ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਕਰੀਬ 10-11ਸਾਲ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ, ਮੌਜੂਦਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਨਾਂਅ ਮੁੱਖ ਤੌਰ ‘ਤੇ ਵਿਚਾਰੇ ਜਾ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਭਾਈ ਰਜਿੰਦਰ ਸਿੰਘ ਮਹਿਤਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਆਦਿ ਸ਼ਾਮਲ ਹਨ। ਜਥੇ. ਮੱਕੜ ਅਪਣਾ ਤਜਰਬਾ, ਅਨੁਸ਼ਾਸਨ ਰੱਖਣ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚ ਅਪਣੀ ਥਾਂ ਬਣਾਉਣ ਸਮੇਤ ਸਫ਼ਲ ਪ੍ਰਧਾਨ ਸਾਬਤ ਹੋਏ ਹਨ। ਉਹ ਵੱਡੇ ਬਾਦਲ ਦੇ ਕਰੀਬੀ ਤੇ ਵਿਸ਼ਵਾਸਪਾਤਰ ਵੀ ਹਨ, ਉਨ੍ਹਾਂ ਦਾ ਦੁਬਾਰਾ ਪ੍ਰਧਾਨ ਬਣਨਾ ਚਰਚਾ ਵਿਚ ਹੈ।
ਇਸੇ ਤਰਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਜੋ ਸ. ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਹਾਂ ਦੇ ਕਰੀਬੀ ਹਨ ਅਤੇ ਫ਼ੈਡਰੇਸ਼ਨ ਦੀਆਂ ਮੂਹਰਲੀਆਂ ਸਫਾਂ ਵਿਚ ਕੰਮ ਕਰਨ ਵਾਲੇ ਸੰਘਰਸ਼ੀ ਯੋਧੇ ਦੇ ਤੌਰ ‘ਤੇ ਜਾਣੇ ਜਾਂਦੇ ਭਾਈ ਚਾਵਲਾ ਤੇ ਦਮਦਮੀ ਟਕਸਾਲ ਦਾ ਹੱਥ ਵੀ ਹੈ ਅਤੇ ਉਹ ਸ਼ਹਿਰੀ ਸਿੱਖ ਹੋਣ ਕਾਰਨ ਅਕਾਲੀ ਦਲ ਨੂੰ ਢੁਕਵੇਂ ਬੈਠ ਸਕਦੇ ਹਨ।
ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਜੋ ਕਿ ਬਾਦਲ ਦੇ ਵਿਸਵਾਸ਼ਪਾਤਰ ‘ਚ ਗਿਣੇ ਜਾਂਦੇ ਹਨ, ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਨਾਵਾਂ ‘ਚ ਚਰਚਾ ਵਿਚ ਆਉਂਦੇ ਹਨ, ਉਨ੍ਹਾਂ ਦਾ ਨਾਂਅ ਇਸ ਵਾਰ ਵੀ ਚਰਚਾ ‘ਚ ਹੈ। ਫ਼ੈਡਰੇਸ਼ਨ ਆਗੂ ਦੇ ਤੌਰ ‘ਤੇ ਜਾਣੇ ਜਾਂਦੇ ਭਾਈ ਰਜਿੰਦਰ ਸਿੰਘ ਮਹਿਤਾ ਵੀ ਕਾਫ਼ੀ ਚਰਚਾ ‘ਚ ਹਨ ਕਿ ਉਹ ਵੀ ਅਗਲੇ ਪ੍ਰਧਾਨ ਹੋ ਸਕਦੇ ਹਨ।
ਮੁੱਖ ਤੌਰ ‘ਤੇ ਬੀਬੀ ਜਗੀਰ ਕੌਰ ਜੋ ਸ਼੍ਰੋਮਣੀ ਕਮੇਟੀ ਦੇ ਪਹਿਲਾ ਵੀ ਪ੍ਰਧਾਨ ਰਹਿ ਚੁੱਕੇ ਹਨ, ਉਨ੍ਹਾਂ ਵਲੋਂ ਬੀਤੇ ਦਿਨੀ ਵੱਡੀ ਗਿਣਤੀ ‘ਚ ਸ਼੍ਰੋਮਣੀ ਮੈਂਬਰਾਂ ਨੂੰ ਨਾਲ ਲੈ ਕੇ ਮੁਤਵਾਜ਼ੀ ਜਥੇਦਾਰਾਂ ਵਿਰੁਧ ਕਾਰਵਾਈ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲੇ ਜਿਸ ਤੋਂ ਚਰਚਾ ਸ਼ੁਰੂ ਹੋਈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਨਾਲ ਲਿਜਾਣਾ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ, ਭਾਵ ਬਹੁਤ ਗਿਣਤੀ ਸ਼੍ਰੋਮਣੀ ਮੈਂਬਰ ਬੀਬੀ ਨਾਲ ਹਨ ਜਿਨ੍ਹਾਂ ਨੂੰ ਪ੍ਰਧਾਨ ਦੀ ਦੌੜ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਤੋਂ ਇਲਾਵਾ ਕੋਈ ਨਵਾਂ ਚਿਹਰਾਂ ਜੋ ਬਾਦਲ ਪਰਵਾਰ ਨੂੰ ਫਿਟ ਬੈਠਦਾ ਹੋਇਆ, ਉਹ ਵੀ ਸਾਹਮਣੇ ਆਵੇਗਾ ਕਦ, ਇਹ ਤਾਂ ਹੁਣ ਆਉਣ ਵਾਲਾ ਨਵੰਬਰ ਮਹੀਨੇ ਦਾ ਇਜਲਾਸ ਹੀ ਦਸੇਗਾ ਕਿ ਅਗਲਾ ਪ੍ਰਧਾਨਗੀ ਦਾ ਸਿਹਰਾ ਸਿਸ ਦੇ ਸਿਰ ਤੇ ਸਜੇਗਾ।