Breaking News

ਗੰਧਕ ਦੀ ਘਾਟ ਪਾ ਸਕਦੀ ਹੈ ਕਣਕ ਦੇ ਝਾੜ ਤੇ ਮਾੜਾ ਅਸਰ ਜਾਣੋ ਗੰਧਕ ਦੀ ਘਾਟ ਦੀਆਂ ਨਿਸ਼ਾਨੀਆਂ ,ਕਾਰਨ ਤੇ ਪੂਰਤੀ

 

ਕਿਸੇ ਵੀ ਫ਼ਸਲ ਦੇ ਸਹੀ ਵਾਧੇ ਤੇ ਵਿਕਾਸ ਲਈ 17 ਤੱਤਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਤੱਤਾਂ ਨੂੰ ਵੱਡੇ ਤੱਤ- ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ  ਅਤੇ ਲਘੂ ਤੱਤ- ਜ਼ਿੰਕ, ਮੈਂਗਨੀਜ਼, ਲੋਹਾ, ਤਾਂਬਾ, ਮੋਲੀਬਡੇਨਮ, ਬੋਰੋਨ, ਕਲੋਰੀਨ ਅਤੇ ਕੋਬਾਲਟ, ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਕਿਸਾਨ ਮੁੱਢਲੇ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵੱਖ ਵੱਖ ਖਾਦਾਂ ਦੇ ਰੂਪ ਵਿੱਚ ਫ਼ਸਲਾਂ ਨੂੰ ਪਾ ਦਿੰਦੇ ਹਨ ਪਰ ਲਘੂ ਅਤੇ ਸੈਕੰਡਰੀ ਤੱਤਾਂ ਦੀ ਜਾਣਕਾਰੀ ਨਾ ਹੋਣ ਕਰਕੇ ਇਨ੍ਹਾਂ  ਤੱਤਾਂ ਦੀ ਘਾਟ ਆਮ ਤੌਰ ’ਤੇ ਕਿਸਾਨਾਂ ਦੇ ਖੇਤਾਂ ਵਿੱਚ ਆਉਂਦੀ ਹੈ। ਹਾੜ੍ਹੀ ਦੀਆਂ ਫ਼ਸਲਾਂ ਮੈਂਗਨੀਜ਼ (ਕਣਕ ਅਤੇ ਬਰਸੀਮ) ਅਤੇ ਗੰਧਕ (ਕਣਕ ਅਤੇ ਤੇਲ ਬੀਜ) ਦੀ ਘਾਟ ਬਹੁਤ ਮੰਨਦੀਆਂ ਹਨ।

ਇਸ ਕਰਕੇ ਜਦੋਂ ਫ਼ਸਲ ਦੀ ਕਾਸ਼ਤ ਘਾਟ ਵਾਲੀਆਂ ਜ਼ਮੀਨਾਂ ਵਿੱਚ ਕੀਤੀ ਜਾਂਦੀ ਹੈ ਤਾਂ ਝਾੜ ’ਤੇ ਵੀ ਮਾੜਾ ਅਸਰ ਪੈਂਦਾ ਹੈ। ਕਿਸੇ ਵੀ ਫ਼ਸਲ ਵਿੱਚ ਜਦੋਂ ਵੀ ਕਿਸੇ ਖ਼ੁਰਾਕੀ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਤਾਂ ਉਦੋਂ ਉਸ ਫ਼ਸਲ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਇਸ ਕਰਕੇ ਹਾੜ੍ਹੀ ਦੀਆਂ ਫ਼ਸਲਾਂ ਤੋਂ ਪੂਰਾ ਝਾੜ  ਲੈਣ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ  ਖ਼ੁਰਾਕੀ ਤੱਤਾਂ ਬਾਰੇ ਪਤਾ ਹੋਵੇ। ਗੰਧਕ ਦੀ ਘਾਟ ਦੇ ਚਿੰਨ੍ਹਾਂ ਦੀ ਪਛਾਣ ਅਤੇ ਇਸ ਦੀ ਘਾਟ ਦੀ ਪੂਰਤੀ ਦੇ ਤਰੀਕੇ ਇਸ ਤਰ੍ਹਾਂ ਹਨ:

ਘਾਟ ਦੇ ਕਾਰਨ: ਰੇਤਲੀਆਂ ਜ਼ਮੀਨਾਂ ਵਿੱਚ ਫ਼ਸਲਾਂ ਦੀ ਕਾਸ਼ਤ ਕਰਨ ’ਤੇ ਗੰਧਕ ਦੀ ਘਾਟ ਆ ਜਾਂਦੀ ਹੈ। ਜਿਨ੍ਹਾਂ ਜ਼ਮੀਨਾਂ ਵਿੱਚ ਗੰਧਕ ਮੁਕਤ ਖਾਦਾਂ ਜਿਵੇਂ ਕਿ ਡੀ.ਏ.ਪੀ. ਤੇ ਯੂਰੀਆ ਆਦਿ ਦਾ ਇਸਤੇਮਾਲ ਅਤੇ ਲਗਾਤਾਰ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ ਜਾਵੇ, ਉਨ੍ਹਾਂ  ਜ਼ਮੀਨਾਂ ਵਿੱਚ ਗੰਧਕ ਦੀ ਘਾਟ ਆ ਸਕਦੀ ਹੈ। ਜਦੋਂ ਫ਼ਸਲ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦਾ ਮੀਂਹ ਲੰਬੇ ਸਮੇਂ ਤਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਦਸ ਕਿਲੋ ਉਪਲਬਧ ਗੰਧਕ ਪ੍ਰਤੀ ਏਕੜ ਤੋਂ ਘੱਟ ਮਾਤਰਾ ਵਾਲੀਆਂ ਜ਼ਮੀਨਾਂ ਨੂੰ ਘਾਟ ਵਾਲੀ ਜ਼ਮੀਨ ਕਿਹਾ ਜਾ ਸਕਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਵਿੱਚ ਗੰਧਕ ਦੀ ਘਾਟ ਮੁੱਖ ਤੌਰ ’ਤੇ ਕਣਕ, ਮਟਰ ਅਤੇ ਤੇਲ ਬੀਜ ਫ਼ਸਲਾਂ ਵਿੱਚ ਪਾਈ ਜਾਂਦੀ ਹੈ।

ਘਾਟ ਦੀਆਂ ਨਿਸ਼ਾਨੀਆਂ: ਗੰਧਕ ਦੀ ਘਾਟ ਦੀਆਂ ਨਿਸ਼ਾਨੀਆਂ ਸਾਰੀਆਂ ਫ਼ਸਲਾਂ ਵਿੱਚ ਇੱਕ ਤਰ੍ਹਾਂ ਦੀਆਂ ਹੀ ਹੁੰਦੀਆਂ ਹਨ। ਇਸ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਨਵੇਂ ਪੱਤਿਆਂ ’ਤੇ ਦਿਖਾਈ ਦਿੰਦੀਆਂ ਹਨ। ਪੱਤਿਆਂ ਦਾ ਹਰਾ ਰੰਗ ਖ਼ਰਾਬ ਹੋ ਜਾਂਦਾ ਹੈ। ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦੋਂਕਿ ਹੇਠਲੇ ਪੱਤੇ ਲੰਬੇ ਸਮੇਂ ਤਕ ਹਰੇ ਹੀ ਰਹਿੰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ। ਬੂਟਿਆਂ ਨੂੰ ਸ਼ਾਖਾਂ ਘੱਟ ਫੁੱਟਦੀਆਂ ਹਨ ਅਤੇ ਇਹ ਗਿੱਠੇ ਰਹਿ ਜਾਂਦੇ ਹਨ। ਤੇਲ ਬੀਜ ਫ਼ਸਲਾਂ ਵਿਚ ਗੰਧਕ ਦੀ ਘਾਟ ਨਾਲ ਤਣੇ ਅਤੇ ਬੂਟੇ ਦਾ ਆਕਾਰ ਤੇ ਤੇਲ ਦੀ ਮਾਤਰਾ ਘਟ ਜਾਂਦੀ ਹੈ।

ਘਾਟ ਦੀ ਪੂਰਤੀ:

  • ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦਿਓ।
  • ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੇ ਤੌਰ ’ਤੇ ਨਾ ਪਾਇਆ ਹੋਵੇ, ਉੱਥੇ ਕਣਕ ਨੂੰ ਬਿਜਾਈ ਵੇਲੇ 100 ਕਿਲੋ ਅਤੇ ਤੇਲ ਬੀਜਾਂ ਨੂੰ 50 ਕਿਲੋ ਜਿਪਸਮ ਪ੍ਰਤੀ ਏਕੜ ਪਾਓ ਤਾਂ ਕਿ ਫ਼ਸਲ ਦੀ ਗੰਧਕ ਦੀ ਲੋੜ ਪੂਰੀ ਹੋ ਜਾਵੇ।
  • ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਕਿਸਾਨ ਜੇਕਰ ਆਪਣੀ ਫ਼ਸਲ ਵਿੱਚ ਕਿਸੇ ਖ਼ੁਰਾਕੀ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਨਾ ਪਛਾਣ ਸਕਣ ਤਾਂ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਹਸਪਤਾਲ ਵਿੱਚ ਘਾਟ ਵਾਲੇ ਨਮੂਨੇ ਦਿਖਾ ਕੇ ਇਸ ਦਾ ਇਲਾਜ ਕਰ ਸਕਦੇ ਹਨ।

ਇਹ ਵੀ ਪੜੋ – ਜਾਣੋ ਕਣਕ ਦੀ ਫ਼ਸਲ ਵਿੱਚ ਮੈਂਗਨੀਜ਼ ਦੀ ਘਾਟ ਦੇ ਕਾਰਨ, ਨਿਸ਼ਾਨ ਤੇ ਪੂਰਤੀ ਬਾਰੇ
ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ
ਸੰਪਰਕ: 94644-46153

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …