Breaking News

ਚਾਚੂ ਆਪਾਂ ਜੱਟ ਨੀ, ਨਾ ਆਪਣੇ ਕੋਲ ਬੰਦੂਕ ਏ ਨਾ ਥਾਰ ਨਾ ਆਪਾਂ ਦਾਰੂ ਪੀਨੇ ਨਾ ਚਿੱਟਾ ਫਿਰ ਜੱਟ ਕਿਵੇਂ ਹੋਏ?

 

ਸੱਚ ਦੀ ਖੋਜ – ਨਵਰਾਜ ਮਾਂਨ
ਮੈਂ ਤੇ ਮੇਰਾ ਚਾਚਾ ਅਜੈਬ ਸਿੰਘ ਰਾਤੀਂ ਸੁਸਾਇਟੀ ਦੇ ਵਧੇ ਵਿਆਜ ਬਾਰੇ ਹਾਲੇ ਗੱਲ ਕਰ ਹੀ ਰਹੇ ਸੀ ਕੇ ਚਾਚੇ ਦਾ 8 ਸਾਲ ਦਾ ਪੋਤਾ ਕੰਵਲ ਸਾਡੇ ਕੋਲ ਆਇਆ ਤੇ ਓਸ ਮਾਸੂਮ ਦੇ ਪੁੱਛੇ ਇੱਕ ਸਵਾਲ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਕੇ ਬਾਪੂ ਜੀ ਆਪਾਂ ਤਾਂ ਜੱਟ ਹੀ ਨਹੀਂ ਤੇ ਨਾਂ ਹੀ ਚਾਚੂ ਜੱਟ ਨੇਂ ? ਏਨੇਂ ਛੋਟੇ ਜਿਹੇ ਬੱਚੇ ਨੂੰ ਜਾਤਾਂ ਬਾਰੇ ਦੱਸਣ ਵਾਲਾ ਕੌਣ ਸੀ? ਤੇ ਕਿਓ ਓਸ ਨੂੰ ਆਪਣਾਂ ਦਾਦਾ ਤੇ ਚਾਚਾ ਜੱਟ ਨੀ ਲੱਗਦਾ ਸੀ ? ਪਰ ਫੇਰ ਵੀ ਮੈਂ ਓਸ ਨੂੰ ਟਾਲਣਾਂ ਚਾਹਿਆ। ਬੜਾ ਟਾਲਿਆ ਬੜਾ ਸਮਝਾਇਆ ਕੇ ਪੁੱਤ ਜਾ ਖੇਡ ਪਰ ਨਾਂ ਕਿੱਥੇ ਹਟੇ।ਅਖੀਰ ਮੈਂ ਬਿਠਾ ਲਿਆ ਕੋਲ ਵੀ ਹੁਣ ਦੱਸ ਕੰਵਲ ਸਿਆ ਤੈਨੂੰ ਆਪਾ ਜੱਟ ਕਿਓਂ ਨੀ ਲੱਗਦੇ ਬੀ..?

ਚਾਚੂ ਜੇ ਤੁਸੀਂ ਤੇ ਬਾਪੂ ਜੀ ਜੱਟ ਆਂ ਤਾਂ ਥੋਡੀ ਬਦੂਖ ਕਿਥੇ ਐ,ਨਾਂ ਬਾਪੂ ਕੋਲ ਨਾ ਡੈਡੀ ਕੋਲ ਐ ਨਾਂ ਥੋਡੇ ਕੋਲ…? ਓਹਦੀ ਇਸ ਗੱਲ ਨੇਂ ਜਿਵੇਂ ਮੇਰਾ ਧਿਆਂਨ ਆਪਣੇਂ ਵੱਲ ਖਿੱਚ ਲਿਆ ਸੀ। ਪਰ ਮੈਂ ਥੋੜ੍ਹਾ ਹਸਦੇ ਨੇ ਕਿਹਾ ਓਏ ਕੰਵਲ ਸਿਆਂ ਜੱਟ ਹੋਂਣ ਨਾਲ ਰਫਲ ਦਾ ਕੀ ਕੰਮ ਯਾਰ.? ਨਹੀਂ ਚਾਚੂ ਜੀਹਦੇ ਕੋਲ ਬਦੂਖ ਨੀਂ ਓਹ ਕਿਵੇਂ ਜੱਟ ਹੋਇਆ ?  ਓਹਦੇ ਇਕੋ ਸਵਾਲ ਨੇਂ ਜਿਵੇ ਮੇਰੇ ਚਿਹਰੇ ਤੋਂ ਹਾਸੇ ਉੱਡਾ ਦਿੱਤੇ ਸੀ,ਪਰ ਮੈਂ ਫੇਰ ਕਿਹਾ ਪੁੱਤ ਤੈਨੂੰ ਕੌਣ ਕਹਿੰਦਾ ਬੀ ਰਫਲ ਆਲਾ ਹੀ ਜੱਟ ਆ ? ਨਹੀਂ ਚਾਚੂ ਕੱਲ ਮੇਰੇ ਫਰੈਡਜ਼ ਸਕੂਲ ਚ ਕਹਿੰਦੇ ਸੀ ਬੀ ਕੰਵਲ ਕੇ ਜੱਟ ਨੀਂ ?

ਨਾਂ ਇਹਨਾਂ ਕੋਲ ਰਫਲ ਐ ਨਾਂ ਥਾਰ ਗੱਡੀ ਐ ਨਾਂ ਇਹਦੇ ਡੈਡੀ ਦੇ ਮੁੱਛਾਂ ਨਾਂ ਉਹ ਦਾਰੂ ਪੀਂਦਾ ਤੇ ਨਾਂ ਚਿੱਟਾ।ਕੰਵਲ ਤੇ ਓਹਦੇ ਦੋਸਤਾਂ ਦੀਆਂ ਇਹ ਗੱਲਾਂ ਸੁਣ ਮੈਂ ਸੁੰਨ ਹੋ ਗਿਆ ਸੀ। ਪਰ ਮੇਰੀ ਚੁੱਪ ਨੂੰ ਤੋੜਦਾ ਕੰਵਲ ਫੇਰ ਬੋਲਿਆ। ਨਾਲੇ ਚਾਚੂ ਮੈਂ ਵੀ ਗਾਣਿਆਂ ਚ ਦੇਖਿਆ ਸੀ ਜੱਟ ਨੂੰ ਓਹਦੇ ਤਾਂ ਮੁੱਛਾਂ ਸੀ ਨਾਲੇ ਓਹਦੇ ਕੋਲ ਵੀ ਰਫਲ ਸੀ ਚਾਚੂ ਇੱਕ ਕੁੜੀ ਸੀ ਨਾਲ ਇੱਕ ਲੰਮੀ ਤੇ ਵੱਡੀ ਸਾਰੀ ਗੱਡੀ ਸੀ ਮੋਟਰ ਤੇ ਸ਼ਰਾਬ ਪੀ ਜਾਂਦਾ ਸੀ ਨਵਾਂ ਲਾਲ ਟਰੈਕਟਰ ਸੀ ਨਾਲੇ ਫੇਰ ਓਹਨੇਂ ਬੰਦੇ ਵੀ ਕੁੱਟੇ ਤੇ ਜਿੰਨੇ ਪੈਸੇ ਓਹ ਪੁਲਸ ਨੂੰ ਦਿੰਦਾ ਸੀ ਆਪਣਾ ਤਾਂ ਘਰ ਵੇਚ ਕੇ ਵੀ ਨੀਂ ਮਿਲਣੇਂ ਜੱਟ ਤਾਂ ਗਾਂਣਿਆ ਆਲੇ ਆ ਚਾਚੂ ਮੈਨੂੰ ਵੀ ਆਪਾਂ ਜੱਟ ਨੀਂ ਲੱਗਦੇ ?ਓਹਦੀਆਂ ਅੱਖਾਂ ਵਿਚਲੇ ਜੱਟ ਨੇਂ ਮੇਰੇ ਅੰਦਰ ਦੇ ਜੱਟ ਨੂੰ ਮਾਰ ਦਿੱਤਾ ਸੀ,ਪੂਰੀ ਦੁਨੀਆਂ ਦਾ ਪੇਟ ਭਰ ਖੁਦ ਭੁੱਖ ਤ੍ਰੇਹ ਨਾਲ ਵੀ ਨਾ ਮਰਨ ਵਾਲਾ ਮੇਰੇ ਅੰਦਰ ਦਾ ਮਿਹਨਤੀ ਜੱਟ ਅੱਜ ਇੱਕ ਬੱਚੇ ਦੇ ਮਾਸੂਮ ਸਵਾਲ ਨੇਂ ਮਾਰ ਦਿੱਤਾ ਸੀ ਤੇ ਮੈ ਓਹਦੀਆਂ ਅੱਖਾਂ ਵਿੱਚ ਭਵਿੱਖ ਦੇ ਬਦਲੇ ਹੋਏ ਜੱਟ ਦੀ ਤਸਵੀਰ ਦੇਖ ਰਿਹਾ ਸੀ। ਤੇ ਮੈਂ ਸੋਚਣ ਲੱਗਾ ਕੀ ਮੰਡੀਆ ਚ ਰੁਲਣ ਵਾਲਾ ਜੱਟ ਨੀਂ ?

ਰੇਲ ਦੀਆਂ ਲੀਹਾਂ ਤੇ ਪਿਆ ਕੌਣ ਆ ਓਹ ? ਸਾਰੀ ਫਸਲ ਵੇਚ ਕੇ ਤੇ ਆੜਤੀਏ ਦਾ ਸਿਰਫ ਵਿਆਜ ਕਟਵਾਓਂਣ ਵਾਲਾ ? ਧੀ ਵਿਆਹੁਣ ਲਈ ਆਪਣੀਂ ਪੁੱਤਾਂ ਵਰਗੀ ਜਮੀਨ ਵੇਚਦਾ ਕੌਣ ਸੀ ? ਕਦੇ ਸਲਫਾਸ ਖਾ ਕੇ ਕਦੇ ਫਾਹਾ ਲੈ ਕੇ ਮਰਦਾ ? ਜੀਹਦੀ ਨਵੀਂ ਵਿਆਹੀ ਵਹੁਟੀ ਸਿਰਫ ਵਰੀ ਦੇ ਸੂਟਾਂ ਨਾਲ ਹੀ 4 ਸਾਲ ਕੱਟ ਲੈਦੀ ਤੇ ਓਹ ਕੌਣ ਹੈ ?ਓਹ ਕੌਣ ਹੈ ਯਾਰ ਜੋ ਸਿਰਫ ਆਪਣੇਂ ਵਿਆਹ ਤੇ ਕੋਟ ਪੈਂਟ ਪਓਂਦਾ ਓਹ ਕੰਵਲ ਦਾ ਜੱਟ ਨੀਂ ? ਆਪਣੇਂ ਇਕਲੌਤੇ ਪੁੱਤ ਨੂੰ ਕਦੇ ਫੌਜ ਚ ਬਾਰਡਰ ਤੇ ਕਦੇ ਬਿਗਾਨੇਂ ਮੁਲਖਾਂ ਚ ਰੁਲਣ ਲਈ ਭੇਜਦਾ ਓਹ ਤਾਂ ਜੱਟ ਕਹਿੰਦਾ ਆਪਣੇਂ ਆਪ ਨੂੰ ? ਬਲਦਾਂ ਵਾਲੀ ਗੱਡੀ ਵਾਲੇ ਤੇ ਪੁਰਾਣੇ 2511ਵਾਲੇ ਕੌਣ ਨੇਂ ? ਗਾਤਰੇ ਪਾ ਕੇ ਨੀਲੀਆਂ ਬੰਨ ਕੇ ਚਿੱਟੇ ਦਾਹੜੇ ਵਾਲੇ ਜੋ ਹਰ ਰੋਜ ਗੁਰਦਵਾਰੇ ਮਿਲਦੇ ਨੇ ਕੀ ਓਹ ਜੱਟ ਨੀਂ ? ਜਾਂ ਥਾਰ ਚ ਬਾਰ, ਜੱਟ ਚਿੱਟੇ ਤੇ ਮਰਦਾ ,ਜੱਟ ਹਮਰ ਤੇ ਫਿਰਦਾ ਨੀਂ,ਨਾਲ ਵੈਲੀ ਹੁੰਦੇ ਚਾਰ ਜੱਟ ਦੇ, ਜੇ ਨਾਂ ਘਰ ਦਿਆਂ ਤੋਰੀ ਜੱਟ ਕੱਢ ਕੇ ਲੈ ਜੂ,ਬੰਦਾ ਬੁੰਦਾ ਮਾਰਨਾਂ ਤਾਂ ਦੱਸ ਨੀਂ, ਜੱਟ ਜੱਟਾਂ ਵਾਲੀ ਕਰੂ ਤੈਨੂੰ ਕਿਤੇ ਹੋਰ ਮੰਗਿਆ, ਵਿਗੜਿਆ ਸ਼ਰਾਬੀ, ਜੱਟ ਮਹਾਰਾਜਾ ਇਹ ਕੌਣ ਨੇਂ ਕਿੱਥੇ ਨੇਂ ਇਹ ਜੱਟ ਜੇ ਇਹ ਜੱਟ ਨੇਂ ਤਾਂ ਫਿਰ? ਹੁਣ ਤਾਂ ਗਾਂਣੇ ਸੁਣ ਇਓਂ ਲਗਦੈ ਜਿਓਂ ਇਹ ਗਾਂਣਾ ਨੀ ਜੱਟ ਦੀ ਰੂਹ ਦਾ ਬਲਾਤਕਾਰ ਕਰਦਾ ਹੋਵੇ।

ਤੇ ਇਹ ਸਾਡੀਆਂ ਧੀਆਂ ਭੈਂਣਾ ਨੂੰ ਪੁਰਜੇ ਪਟੋਲੇ ਸੈਕੰਡ ਹੈਂਡ ਬਣਾਉਣ ਤੋਂ ਬਾਅਦ ਹੁਣ ਓਹਨਾਂ ਦੇ ਹਥਾਂ ਚ ਵੀ ਰਫਲਾ ਫੜੌਨ ਲੱਗ ਪਏ ਨੇਂ। ਰੌਲੇ ਦੀ ਜਮੀਂਨ ਜਿਹੇ ਗਭਰੂ ਪਿੱਛੇ ਜਿੰਮੀਦਾਰ ਜੱਟੀਆਂ ਚ ਡਾਂਗ ਖੜਕੇ। ਪਰ ਅੱਜ ਮੈ ਆਪਣਾਂ ਅਕਸ ਤਲਾਸ਼ ਰਿਹਾ ਸੀ ਕੇ ਮੈਂ ਕੌਣ ਹਾਂ ? ਕਿਓਕਿ ਮੇਰੇ ਕੋਲ ਰਫਲ ਨਹੀਂ ਮੈਂ ਕੁੜੀਆਂ ਨੂੰ ਪੁਰਜਾ ਨੀ ਕਹਿੰਦਾ। ਮੈ ਮੁੱਛ ਖੜੀ ਨੀਂ ਰੱਖਦਾ ਕੁੜੀਆਂ ਨੀਂ ਚੁਕਦਾ..ਮੇਰੇ ਕੋਲ ਥਾਰ ਨਹੀਂ। ਨਵਾਂ ਅਰਜਨ ਤੇ ਜੌਨ ਡਿਅਰ ਵੀ ਨੀ। ਤੇ ਮੈਂ ਤਾਂ ਅੱਜ ਤੂੜੀ ਨਾਲ ਭਰਿਆ ਰਿਹਾ ਸੀ। ਕੀ ਮੈਂ ਜੱਟ ਨਹੀਂ ? ਤੇ ਮੈਂ ਉਸ ਮਾਸੂਮ ਨੂੰ ਸੋਟੀ ਦੀ ਨਕਲੀ ਰਫਲ ਨਾਲ ਖੇਡਦਾ ਛੱਡ ਕੇ ਘਰ ਆ ਗਿਆ,ਤੇ ਪੂਰੀ ਨੀਂਦ ਨਹੀਂ ਆਈ, ਸੋਚਦਾ ਰਿਹਾ ਕੇ ਕੀ ਮੈਂ ਜੱਟ ਨਹੀਂ ?

ਕੀ ਮੈਂ ਸੱਚੀ ਜੱਟ ਨਹੀਂ.? ਕਿਓਕਿ ਜੇ ਮੈਂ ਜੱਟ ਹਾਂ ਤਾਂ ਟੀਵੀ ਵਾਲਾ ਜੱਟ ਨੀ ਹੋ ਸਕਦਾ।

ਮਾਂਨ ਸਾਬ੍ਹ (ਪਹਿਚਾਂਣ ਦੀ ਤਲਾਸ਼)(ਫੇਸਬੁੱਕ ਪੇਜ- ਅਧੂਰੀਆਂ ਲਿਖਤਾਂ -:ਲਫ਼ਜ਼ਾਂ ਦੀ ਤਲਾਸ਼)

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …