ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਸੇ ਜਾ ਰਹੇ ਕਾਨੂੰਨੀ ਸ਼ਿਕੰਜੇ ਦਾ ਸੇਕ ਬਜ਼ੁਰਗਾਂ ਨੂੰ ਲੱਗਣ ਦਾ ਖਦਸ਼ਾ ਹੈ। ਪਰਾਲੀ ਸਾੜ ਕੇ ਪ੍ਰਦੂਸ਼ਨ ਫੈਲਾਉਣ ਦੇ ਕਾਨੁੰਨੀ ਘੇਰੇ ’ਚ ਉਹ ਸਰਕਾਰੀ ਮੁਲਾਜ਼ਮ ਵੀ ਆ ਸਕਦੇ ਹਨ ਜ਼ਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਕਿਸੇ ਹੋਰ ਨੂੰ ਠੇਕੇ ’ਤੇ ਦਿੱਤੀਆਂ ਹਨ। ਵਾਹੀਯੋਗ ਜ਼ਮੀਨ ਦੇ ਕਾਗਜ਼ੀ ਮਾਲਕ ਬਹੁਤੇ ਬਜ਼ੁਰਗ ਹਨ। ਪਰਾਲੀ ਸਾੜਨ ਖ਼ਿਲਾਫ਼ ਜੇ ਕੋਈ ਕਾਨੂੰਨੀ ਕਾਰਵਾਈ ਹੋਈ ਤਾਂ ਸਿੱਧੇ ਰੂਪ ’ਚ ਬਜ਼ੁਰਗਾਂ ਖ਼ਿਲਾਫ਼ ਹੀ ਹੋਵੇਗੀ।
ਪਿੰਡ ਜਟਾਣਾ ਖੁਰਦ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਸਾਡੇ ਪਿੰਡ ’ਚ 70 ਫੀਸਦੀ ਤੋਂ ਜ਼ਿਆਦਾ ਜ਼ਮੀਨ ਬਜ਼ੁਰਗਾਂ ਦੇ ਨਾਂ ਹੈ। ਕਈ ਬਜ਼ੁਰਗ ਬਿਮਾਰੀ ਕਾਰਨ ਮੰਜਿਆਂ ’ਤੇ ਪਏ ਹਨ। ਉਨ੍ਹਾਂ ਕਿਹਾ ਜੇ ਇਸ ਤਰ੍ਹਾਂ ਹੋਇਆ ਤਾਂ ਪਿੰਡਾਂ ਦੇ ਵਡੇਰੀ ਉਮਰ ਬਜ਼ੁਰਗਾਂ ਤੇ ਔਰਤਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਝੰਡਾ ਕਲਾਂ ਦੇ ਬਲਜੀਤ ਪਾਲ ਸਿੰਘ ਨੇ ਦੱਸਿਆ ਸਰਦੂਲਗੜ੍ਹ ਖੇਤਰ ਦੇ ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਨੇ ਆਪਣੀਆਂ ਜ਼ਮੀਨਾਂ ਅੱਗੇ ਠੇਕੇ ’ਤੇ ਦਿੱਤੀਆਂ ਹੋਈਆਂ ਹਨ।
ਹੁਣ ਜੇ ਠੇਕੇ ’ਤੇ ਜ਼ਮੀਨ ਲੈਣ ਵਾਲਾ ਕਿਸਾਨ ਪਰਾਲੀ ਸਾੜ ਦਿੰਦਾ ਹੈ ਤਾਂ ਕਾਨੂੰਨੀ ਕਾਰਵਾਈ ਅਸਲੀ ਮਾਲਕ ’ਤੇ ਹੀ ਹੋਣੀ ਹੈ। ਪਿੰਡ ਦਸੌਧੀਆ ਦੇ ਬਾਬਰ ਸਿੰਘ ਨੇ ਦੱਸਿਆ ਜਿਸ ਦਿਨ ਤੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਨੁੰਨੀ ਕਾਰਵਾਈ ਦੀ ਗੱਲ ਤੁਰੀ ਹੈ ਉਸੇ ਦਿਨ ਤੋਂ ਜ਼ਮੀਨ ਦੇ ਅਸਲੀ ਮਾਲਕ ਬਜ਼ੁਰਗਾਂ ਨੇ ਆਪਣੇ ਪੁੱਤਾਂ ਨੂੰ ਪਰਾਲੀ ਨਾ ਫੂਕੇ ਜਾਣ ਦੀਆਂ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆ ਹਨ।
ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿਸੇ ਵੀ ਖੇਤ ਦੀ ਪਰਾਲੀ ਸਾੜੇ ਜਾਣ ਦਾ ਦੋਸ਼ ਉਸਦੇ ਕਾਗਜ਼ੀ ਮਾਲਕ ਖ਼ਿਲਾਫ਼ ਲੱਗਣਾ ਹੈ। ਤਹਿਸੀਲਦਾਰ ਸੰਧੂਰਾ ਸਿੰਘ ਨੇ ਦੱਸਿਆ ਅੱਜ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜੇ ਕਿਧਰੇ ਪਰਾਲੀ ਸਾੜਨ ਦੀ ਘਟਨਾ ਵਾਪਰਦੀ ਹੈ ਤਾਂ ਸਬੰਧਿਤ ਜ਼ਮੀਨ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।