ਪਿੰਡ ਭੁੱਟੀਵਾਲਾ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਨੌਜਵਾਨ ਵਲੋਂ ਖ਼ੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਿੰਡ ਭੁੱਟੀਵਾਲਾ ਦੇ ਨੌਜਵਾਨ ਗੁਰਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਢਿੱਲੋਂ ਦਾ ਆਪਣੇ ਸ਼ਰੀਕੇ ‘ਚੋਂ ਤਾਏ ਗੁਰਦਰਸ਼ਨ ਸਿੰਘ ਢਿੱਲੋਂ ਸੇਵਾ ਮੁਕਤ ਨਾਇਬ ਤਹਿਸੀਲਦਾਰ ਨਾਲ 4 ਕਿੱਲੇ ਜ਼ਮੀਨ ਨੂੰ ਲੈ ਕੇ ਵਿਵਾਦ ਸੀ
ਗੁਰਤੇਜ ਸਿੰਘ ਆਪਣੀ ਜ਼ਮੀਨ ਕੁਝ ਸਮਾਂ ਪਹਿਲਾਂ ਉਕਤ ਵਿਅਕਤੀ ਨੂੰ ਵੇਚ ਚੁੱਕਾ ਸੀ, ਪਰ ਗੁਰਤੇਜ ਸਿੰਘ ਨੇ ਉਸ ਦੀ ਜ਼ਮੀਨ ਗੁਰਦਰਸ਼ਨ ਦੇ ਪਰਿਵਾਰ ‘ਤੇ ਧੋਖੇ ਨਾਲ ਆਪਣੇ ਨਾਂਅ ਕਰਵਾ ਦਾ ਇਲਜ਼ਾਮ ਲਾਉਂਦਿਆਂ ਖ਼ੁਦ ਨੂੰ ਗੋਲੀ ਮਾਰ ਲਈ | ਉਸ ਵਲੋਂ ਜ਼ਮੀਨ ਦਾ ਠੇਕਾ ਨਹੀਂ ਸੀ ਦਿੱਤਾ ਜਾ ਰਿਹਾ ਅਤੇ ਕੁਝ ਦਿਨ ਪਹਿਲਾਂ ਇਹ ਮਾਮਲਾ ਥਾਣਾ ਕੋਟਭਾਈ ਪੁੱਜਾ ਸੀ ਅਤੇ ਉੱਥੇ ਕੋਈ
ਹੱਲ ਨਾ ਨਿਕਲਣ ਕਾਰਨ ਅੱਜ ਗੁਰਤੇਜ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਲਈ | ਜਦੋਂ ਕਿ ਇਸ ਮਾਮਲੇ ਸਬੰਧੀ ਡੀ.ਐਸ.ਪੀ. ਗਿੱਦੜਬਾਹਾ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਮਾਮਲੇ ਦੀ ਜਾਂਚ ਲਈ ਐਸ.ਐਚ.ਓ. ਕ੍ਰਿਸ਼ਨ ਕੁਮਾਰ ਨੂੰ ਮੌਕੇ ‘ਤੇ ਭੇਜਿਆ ਹੈ |
ਇਸ ਸਬੰਧੀ ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਜ਼ਮੀਨ ਦਾ ਕੋਈ ਵਿਵਾਦ ਨਹੀਂ ਅਤੇ ਇਸ ਸਬੰਧੀ ਰਜਿਸਟਰੀ ਸਾਡੇ ਨਾਂਅ ਅਤੇ ਇੰਤਕਾਲ ਵੀ ਹੋਇਆ ਹੈ, ਕਿਉਂਕਿ ਇਹ ਜ਼ਮੀਨ ਉਨ੍ਹਾਂ ਮੁੱਲ ਖ਼ਰੀਦ ਲਈ ਸੀ ਅਤੇ ਗੁਰਤੇਜ ਸਿੰਘ ਇਹ ਜ਼ਮੀਨ ਠੇਕੇ ਤੇ ਵਾਹੁਦਾ ਸੀ | ਜ਼ਿਕਰਯੋਗ ਹੈ ਕਿ ਗੁਰਤੇਜ ਸਿੰਘ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਸਮੇਂ ਸਾਰੀ ਵੀਡੀਓ ਫ਼ੇਸਬੁੱਕ ਤੇ ਲਾਇਵ ਕੀਤੀ ਗਈ |