Breaking News

ਜਾਣੋ ਕਿਵੇਂ ਇਕ ਏਕੜ ਵਿੱਚੋ 7 ਲੱਖ ਦੀ ਕਮਾਈ ਕਰ ਰਿਹਾ ਹੈ ਇਹ ਸਬਜ਼ੀਆਂ ਦਾ ਮੋਹਰੀ ਕਾਸ਼ਤਕਾਰ

ਅਵਤਾਰ ਸਿੰਘ ਰਟੌਲ ਪਿੰਡ ਸਰੌਦ (ਸੰਗਰੂਰ) ਦਾ ਰਹਿਣ ਵਾਲਾ ਇੱਕ ਉਤਸ਼ਾਹੀ ਤੇ ਪ੍ਰੇਰਨਾ ਸਰੋਤ ਸਬਜ਼ੀ ਉਤਪਾਦਕ ਹੈ। ਫ਼ਸਲੀ ਵਿਭਿੰਨਤਾ ਵਿੱਚ ਬਾਗ਼ਬਾਨੀ ਫ਼ਸਲਾਂ ਦੇ ਰੋਲ ਨੂੰ ਸਮਝਦੇ ਹੋਏ ਉਸ ਨੇ ਆਧੁਨਿਕ ਤਕਨੀਕਾਂ ਅਪਣਾ ਕੇ ਸਾਲ 2011 ਵਿੱਚ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਅੱਜ ਉਹ ਆਪਣੇ 20 ਏਕੜ ਦੇ ਫਾਰਮ ’ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫੁੱਲ ਉਗਾ ਰਿਹਾ ਹੈ। ਘੱਟ ਪਾਣੀ ਤੋਂ ਵਾਧੂ ਫ਼ਸਲ ਲੈਣ ਲਈ ਉਹ ਬੈੱਡਾਂ ਉੱਤੇ ਸਬਜ਼ੀਆਂ ਦੀ ਕਾਸ਼ਤ ਦੇ ਨਾਲ ਤੁਪਕਾ ਸਿੰਜਾਈ ਵਿਧੀ ਨੂੰ ਇਸਤੇਮਾਲ ਕਰਦਾ ਹੈ। ਉਹ ਮਿੱਟੀ ਦੀ ਪੀਐਚ ਅਤੇ ਈਸੀ ਦੀ ਸਮੇਂ-ਸਮੇਂ ’ਤੇ ਪਰਖ ਕਰਵਾਉਂਦਾ ਹੈ ਅਤੇ ਫ਼ਸਲ ਉੱਤੇ ਤਰਲ ਖਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਾਣੀ ਦੇ ਪੀਐਚ ਦੇ ਪੱਧਰ ਨੂੰ ਠੀਕ ਕਰਦਾ ਹੈ।

ਇਸ ਕਿੱਤੇ ਵਿੱਚ ਕਦਮ ਰੱਖਣ ਲਈ ਉਸ ਨੇ ਪਹਿਲਾਂ ਸਿਰਫ਼ ਇੱਕ ਏਕੜ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਆਰੰਭ ਕੀਤੀ। ਪਰ ਜਿਵੇਂ ਹੀ ਉਸ ਨੂੰ ਇਸ ਵਿੱਚ ਸਫ਼ਲਤਾ ਅਤੇ ਮੁਨਾਫ਼ਾ ਹਾਸਲ ਹੋਇਆ ਤਾਂ ਉਸ ਨੇ ਆਪਣਾ ਸਾਰਾ ਰਕਬਾ ਬਾਗ਼ਬਾਨੀ ਫ਼ਸਲਾਂ ਦੀ ਕਾਸ਼ਤ ਹੇਠ ਤਬਦੀਲ ਕਰ ਦਿੱਤਾ। ਸਾਲ 2014 ਵਿੱਚ ਖੀਰੇ ਅਤੇ ਜ਼ਰਬਰੇ ਦੀ ਪੂਰਾ ਸਾਲ ਕਾਸ਼ਤ ਕਰਨ ਲਈ ਉਸ ਨੇ ਆਪਣੇ ਫਾਰਮ ’ਤੇ ਦੋ ਹਾਈ-ਟੈਕ ਪੋਲੀਹਾਊਸ (4000 ਵਰਗ ਮੀਟਰ ਪ੍ਰਤੀ ਪੋਲੀਹਾਊਸ) ਉਸਾਰੇ। ਇਨ੍ਹਾਂ ਫ਼ਸਲਾਂ ਦੀ ਪਹਿਲੀ ਪੈਦਾਵਾਰ ਪੂਰੀ ਕਰਨ ਉਪਰੰਤ ਉਸ ਨੂੰ ਖੀਰੇ ’ਤੋਂ 6,20,000 ਰੁਪਏ ਅਤੇ ਜ਼ਰਬਰੇ ਤੋਂ 7,80,000 ਰੁਪਏ ਪ੍ਰਤੀ ਏਕੜ ਮੁਨਾਫ਼ਾ ਪ੍ਰਾਪਤ ਹੋਇਆ।

ਪੋਲੀਹਾਊਸ ਵਿਧੀ ਤੋਂ ਇਲਾਵਾ ਉਹ ਨੀਵੀਂ ਸੁਰੰਗ ਤਕਨੀਕ ਅਪਣਾ ਕੇ ਵੀ ਸਬਜ਼ੀਆਂ ਦੀ ਕਾਸ਼ਤ ਅਤੇ ਸਿਹਤਮੰਦ ਪਨੀਰੀ ਤਿਆਰ ਕਰਦਾ ਹੈ। ਜ਼ਮੀਨ ਦੀ ਸਿਹਤ ਨੂੰ ਸੁਧਾਰਨ ਲਈ ਉਹ ਜੈਵਿਕ ਖਾਦਾਂ ਅਤੇ ਕੀਟ-ਪ੍ਰਬੰਧ ਲਈ ਬਾਇਉ-ਪੈਸਟੀਸਾਈਡਜ਼ ਨੂੰ ਤਰਜੀਹ ਦਿੰਦਾ ਹੈ। ਰਸਾਇਣਕ ਦਵਾਈਆਂ ਦੇ ਛਿੜਕਾਅ ਨੂੰ ਸੁਖਾਲਾ ਬਣਾਉਣ ਲਈ ਉਸ ਨੇ ਭੂਮੀਗਤ ਪਾਈਪਲਾਈਨ ਵਿਛਾ ਕੇ ਹਰੇਕ ਖੇਤ ਵਿੱਚ ਨੋਬ ਸਿਸਟਮ ਸਥਾਪਿਤ ਕੀਤਾ ਹੈ।Image result for polyhouse

ਫ਼ਸਲਾਂ ਦੇ ਉਤਪਾਦਨ ’ਤੇ ਆਉਣ ਵਾਲੀ ਲਾਗਤ ਅਤੇ ਆਮਦਨ ਦਾ ਉਹ ਮੁਕੰਮਲ ਲੇਖਾ-ਜੋਖਾ ਰੱਖਦਾ ਹੈ। ਉਸ ਨੇ ਦੱਸਿਆ ਕਿ ਸਾਲ 2014-15 ਦੌਰਾਨ ਚਲੰਤ ਖਰਚੇ ਕੱਢਣ ਉਪਰੰਤ ਉਸ ਨੇ ਸ਼ਿਮਲਾ ਮਿਰਚ ਤੋਂ ਤਕਰੀਬਨ 2,60,000 ਰੁਪਏ, ਹਰੀ ਮਿਰਚ ਅਤੇ ਪਿਆਜ਼ ਤੋਂ ਕ੍ਰਮਵਾਰ ਇੱਕ ਲੱਖ ਰੁਪਏ, ਆਲੂਆਂ ਤੋਂ 75,000 ਰੁਪਏ, ਖ਼ਰਬੂਜ਼ੇ ਤੋਂ 1,50,000 ਰੁਪਏ, ਤਰਬੂਜ਼ ਤੋਂ 80,000 ਰੁਪਏ ਅਤੇ ਸਬਜ਼ੀਆਂ ਦੀ ਪਨੀਰੀ ਤੋਂ ਲਗਪਗ 5.20 ਲੱਖ ਰੁਪਏ ਪ੍ਰਤੀ ਏਕੜ ਦੀ ਕਮਾਈ ਕੀਤੀ।

ਉਹ ਹਰ ਮਹੀਨੇ ਆਪਣੇ ਫਾਰਮ ਉੱਤੇ ਇਲਾਕੇ ਦੇ ਕਿਸਾਨਾਂ ਦੀ ਮੀਟਿੰਗ ਸੱਦਦੇ ਹਨ ਅਤੇ ਖੇਤੀ ਮਾਹਿਰਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਨਵਾਂ ਖੇਤੀ ਗਿਆਨ ਹਾਸਲ ਕਰਦੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਲਾਕੇ ਦੇ ਤਿੰਨ ਹੋਰ ਕਿਸਾਨਾਂ ਨੇ ਉਨ੍ਹਾਂ ਨਾਲ ਰਲ ਕੇ ਬਾਗ਼ਬਾਨੀ ਫ਼ਸਲਾਂ ਦੀ ਸਾਂਝੀ ਖੇਤੀ ਕਰਨ ਦਾ ਇਰਾਦਾ ਕੀਤਾ। ਆਪਣੇ ਗਿਆਨ ਅਤੇ ਹੁਨਰ ਨੂੰ ਹੋਰ ਨਿਖਾਰਨ ਲਈ ਸਾਲ 2014 ਵਿੱਚ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਤੁਪਕਾ ਸਿੰਜਾਈ, ਫਰਟੀਗੇਸ਼ਨ ਅਤੇ ਪ੍ਰੋਟੈਕਟਿਡ ਖੇਤੀ ਦੀ ਸਿਖਲਾਈ ਹਾਸਲ ਕੀਤੀ।Image result for polyhouse

ਜ਼ਰਬਰਾ ਦੀ ਤਕਰੀਬਨ 95 ਫ਼ੀਸਦੀ ਉਪਜ ਉਹ ਲੁਧਿਆਣੇ ਵੇਚਦੇ ਹਨ ਅਤੇ ਬਾਕੀ ਦੀ ਉਪਜ ਪਟਿਆਲਾ ਅਤੇ ਚੰਡੀਗੜ੍ਹ ਵਿਕਰੀ ਲਈ ਲਿਜਾਂਦੇ ਹਨ। ਸਬਜ਼ੀਆਂ ਵਿੱਚ ਖੀਰਾ, ਖਰਬੂਜਾ, ਆਲੂ, ਹਰੀ ਮਿਰਚ, ਸ਼ਿਮਲਾ ਮਿਰਚ ਦੀ ਪੂਰੀ ਉਪਜ ਮਾਲੇਰਕੋਟਲਾ ਮੰਡੀ ਵਿੱਚ ਹੀ ਵੇਚਦੇ ਹਨ। ਬਾਗ਼ਬਾਨੀ ਖੇਤਰ ਵਿੱਚ ਉਸ ਵੱਲੋਂ ਅਪਣਾਈਆਂ ਨਵੀਨਤਮ ਤਕਨੀਕਾਂ ਅਤੇ ਅਗਾਂਹਵਧੂ ਸੋਚ ਨੂੰ ਮੁੱਖ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਉਸ ਦਾ ਸਾਲ 2016 ਦੇ ਕਿਸਾਨ ਮੇਲੇ ’ਤੇ ਮੁੱਖ ਮੰਤਰੀ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਹ 2003 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀਬਾੜੀ ਅਤੇ ਡੇਅਰੀ ਖੇਤਰ ਵਿੱਚ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਐਵਾਰਡ ਪ੍ਰਾਪਤ ਕਰ ਚੁੱਕੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …