ਪੰਜਾਬ ਭਰ ‘ਚ ਕਿਸਾਨ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸੇ ਤਹਿਤ ਹੀ ਅੱਜ ਸੰਗਰੂਰ ਦੇ ਧੂਰੀ ‘ਚ ਕੇਂਦਰ ਸਰਕਾਰ ਖ਼ਿਲਾਫ ਅਨੋਖਾ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਇਸ ਮੌਕੇ ਖ਼ੁਦ ਟਰੈਕਟਰ ਖਿੱਚ ਕੇ ਪ੍ਰਦਰਸ਼ਨ ਕੀਤਾ ਕਿਉਂਕਿ ਤੇਲ ਦੀਆਂ ਕੀਮਤਾਂ ਬੇਹੱਦ ਵਧ ਗਈਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਬਹੁਤ ਵੱਡੇ ਪੱਧਰ ‘ਤੇ ਲਗਾਤਾਰ ਵਧ ਰਹੀ ਹੈ। ਪਿਛਲੇ ਸਮੇਂ ‘ਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਉਨ੍ਹਾਂ ਕਿਹਾ ਕਿ ਹਾਲ ਇਹ ਹੈ ਕਿ ਹੁਣ ਅਸੀਂ ਟ੍ਰੈਕਟਰਾਂ ‘ਚ ਤੇਲ ਨਹੀਂ ਪਵਾ ਸਕਦੇ। ਇਸੇ ਲਈ ਅਸੀਂ ਟ੍ਰੈਕਟਰ ਖਿੱਚ ਕੇ ਚਲਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਜਿਹੀ ਮਹਿੰਗਾਈ ਦੇ ਦੌਰ ‘ਚ ਖੇਤੀ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।
ਉਨ੍ਹਾਂ ਕਿਹਾ ਕਿ ਖੇਤੀ ਦੀ ਹਰ ਮਸ਼ੀਨ ਤੇਲ ‘ਤੇ ਨਿਰਭਰ ਹੈ। ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹਨ ਪਰ ਭਾਰਤ ‘ਚ ਇਹ ਵਧ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨੀ ਨੂੰ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਦਿਨ ਪ੍ਰਤੀ ਦਿਨ ਡੀਜ਼ਲ ਦੀ ਲੋੜ ਕਿਸਾਨੀ ਨੂੰ ਹੈ। ਇਸ ਤਰ੍ਹਾਂ ਸਰਕਾਰ ਮਹਿੰਗੇ ਭਾਅ ਦਾ ਸ਼ਿਕਾਰ ਕਿਸਾਨਾਂ ਨੂੰ ਬਣਾ ਰਹੀ ਹੈ।
ਦੱਸਣਯੋਗ ਹੈ ਪੰਜਾਬ ਦੇ ਕਿਸਾਨ ਲਗਾਤਾਰ ਕਿਸਾਨ ਕਰਜ਼ੇ ‘ਤੇ ਵੀ ਸਰਕਾਰ ਖ਼ਿਲਾਫ ਰੋਸ ਮੁਜ਼ਾਰਹੇ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਵਾਅਦੇ ਮੁਤਾਬਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ ਜਦੋਂਕਿ ਇਹ ਸਿਰਫ਼ ਸਹਿਕਾਰੀ ਬੈਂਕਾਂ ਦਾ ਹੋ ਰਿਹਾ ਹੈ।