Breaking News

ਤਾਂ ਇਸ ਲਈ ਖੇਤੀ ਸੰਦਾਂ ਲਈ ਮਸ਼ਹੂਰ ਹੈ ਤਲਵੰਡੀ ਭਾਈ

 

ਅੱਜ ਤੋਂ 77-78 ਸਾਲ ਪਹਿਲਾਂ ਸੰਨ 1940-41 ਵਿਚ ਸਭ ਤੋਂ ਪਹਿਲਾਂ ਤਲਵੰਡੀ ਭਾਈ ਵਿਚ ਖੇਤੀ ਦੇ ਸੰਦ ਬਣਨੇ ਸ਼ੁਰੂ ਹੋਏ। ਜਿਸ ਕਰਕੇ ਤਲਵੰਡੀ ਭਾਈ ਨੂੰ ਸ਼ੁਰੂ ਤੋਂ ਹੀ ਖੇਤੀ ਦੇ ਸੰਦਾ ਦਾ ਗੜ ਮੰਨਿਆ ਜਾਂਦਾ ਹੈ। ਤਲਵੰਡੀ ਭਾਈ ਵਿਚ ਸਭ ਤੋਂ ਪਹਿਲਾਂ ਖੂਹ ਦੀਆਂ ਟਿੰਡਾਂ ਜਾਂ ਹਲਟ ਬਣਦੇ ਸੀ। ਉਸ ਤੋਂ ਬਾਅਦ ਬਲਦਾਂ ਵਾਲੇ ਹਲ, ਬਲਦਾਂ ਵਾਲੇ ਜਾਲ, ਵੱਟਾਂ ਪਾਉਣ ਵਾਸਤੇ ਹੱਥ ਨਾਲ ਚਲਾਉਣ ਵਾਲੀਆਂ ਜਿੰਦਰੀਆਂ ਤੇ ਕਣਕ-ਝੋਨਾ ਕੱਢਣ ਵਾਲੀਆਂ ਲੱਕੜ ਦੀਆਂ ਡਰੰਮੀਆਂ ਬਣਾਈਆਂ ਜਾਂਦੀਆਂ ਸਨ ।

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤਕਨੀਕ ਵਧਦੀ ਗਈ ਤੇ ਫਿਰ ਟਰੈਕਟਰਾਂ ਵਾਲੇ ਹਲ, ਦਾਣੇ ਕੱਢਣ ਵਾਲੀਆਂ ਵੱਡੀਆਂ ਮਸ਼ੀਨਾਂ, ਪੈਡੀ ਥਰੈਸ਼ਰ, ਹੜੰਬਾ ਥਰੈਸ਼ਰ , ਕਰਾਹੇ, ਜਿੰਦਰੇ, ਤੇ ਸੁਹਾਗੇ ਬਣਨ ਲੱਗੇ। ਜਿਨ੍ਹਾਂ ਨਾਲ ਕਿਸਾਨ ਨੂੰ ਖੇਤੀ ਕਰਨ ਦੀਆਂ ਕੁਝ ਰੁਕਾਵਟਾਂ ਦੂਰ ਹੋਈਆਂ। ਟਰੈਕਟਰਾਂ ਨਾਲ ਚੱਲਣ ਵਾਲੇ ਹਲ ਬਣਨ ਨਾਲ ਕਿਸਾਨ ਨੂੰ ਮਿੱਟੀ ਦੀ ਪਰਤ ਨੂੰ ਤੋੜਨਾ ਜਾਂ ਉਥਲ-ਪੁਥਲ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ। ਜਿੰਦਰਾ ਬਣਨ ਨਾਲ ਖੇਤਾਂ ਵਿਚ ਵੱਟਾਂ ਪਾਉਣੀਆਂ ਸੌਖੀਆਂ ਹੋ ਗਈਆਂ।

ਫਿਰ ਹੌਲੀ-ਹੌਲੀ ਸਮੇਂ ਦੇ ਹਿਸਾਬ ਨਾਲ ਕਿਸਾਨ ਦੀ ਜਿਹੜੀ-ਜਿਹੜੀ ਚੀਜ਼ ਦੀ ਮੰਗ ਆਈ ਉਹ ਬਣਨ ਲੱਗੀ। ਸੰਨ 1983-84 ਵਿਚ ਬਿਜਾਈ ਮਸ਼ੀਨਾਂ ਸੀਡ ਡਰਿਲ ਤੇ ਤਵੀਆਂ ਬਣਨ ਲੱਗੀਆਂ। ਤਵੀਆਂ ਬਣਨ ਨਾਲ ਕਿਸਾਨਾਂ ਨੂੰ ਫਸਲ ਬੀਜਣ ਵਾਸਤੇ ਜ਼ਮੀਨ ਪੋਲੀ ਕਰਨੀ ਅਸਾਨ ਹੋਈ ਤੇ ਬਿਜਾਈ ਮਸ਼ੀਨ ਬਣਨ ਨਾਲ ਫਸਲ ਦੀ ਬਿਜਾਈ ਕਰਨੀ, ਫਸਲ ਬੀਜਣੀ ਅਸਾਨ ਹੋਈ। ਇਸ ਤੋਂ ਕੁਝ ਸਾਲ ਬਾਅਦ ਜ਼ੀਰੋ ਸੀਡ ਡਰਿਲ ਬਣਾਈ ਗਈ। ਜਿਸ ਦਾ ਫਾਇਦਾ ਇਹ ਸੀ ਕਿ ਜ਼ਮੀਨ ਨੂੰ ਵਾਹੁਣ ਦੀ ਲੋੜ ਨਹੀਂ ਤੁਸੀਂ ਆਪਣੀ ਫਸਲ ਦੀ ਸਿੱਧੀ ਹੀ ਬਿਜਾਈ ਕਰ ਸਕਦੇ ਹੋ।

ਉਸ ਤੋਂ ਬਾਅਦ ਸੰਨ 1991-92 ‘ਚ ਸਟਰਾਅ ਰੀਪਰ ਬਣਿਆ। ਫਿਰ ਰੂਟਾਵੇਟਰ, ਸਪਰੇਅ ਪੰਪ ਤੇ ਲੇਜਰ ਲੈਵਲਰ ਆਦਿ ਬਣਨ ਲੱਗੇ। ਇਨ੍ਹਾਂ ਖੇਤੀ ਦੇ ਸੰਦਾਂ ਦੇ ਬਣਨ ਨਾਲ ਕਿਸਾਨਾਂ ਲਈ ਖੇਤੀ ਕਰਨੀ ਹੋਰ ਵੀ ਆਸਾਨ ਹੋ ਗਈ। ਖੇਤੀ ਨੂੰ ਸਪਰੇਅ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਬਣਾਏ ਗਏ। ਜ਼ਮੀਨ ਨੂੰ ਪੂਰੀ ਤਰ੍ਹਾਂ ਪੱਧਰ ਕਰਨ ਵਾਸਤੇ ਕੰਪਿਊਟਰ ਕਰਾਹੇ ਬਣਾਏ ਗਏ।

ਸੰਨ 2008-09 ਵਿਚ ਇੱਥੇ ਹਾਈਡਰੋਲਿਕ ਤਵੀਆਂ ਬਣਾਈਆਂ ਗਈਆਂ, ਜਿਸ ਨਾਲ ਹੁਣ ਜਿਮੀਂਦਾਰ ਨੂੰ ਖੇਤੀ ਕਰਦੇ ਸਮੇਂ ਟਰੈਕਟਰ ਤੋਂ ਥੱਲੇ ਉਤਰਨ ਦੀ ਲੋੜ ਨਹੀਂ, ਉਹ ਟਰੈਕਟਰ ਉੱਪਰ ਬੈਠਾ ਹੀ ਤਵੀਆਂ ਚਲਾ ਸਕਦਾ ਹੈ। ਆਪਣੀ ਜ਼ਮੀਨ ਵਾਹ ਸਕਦਾ ਹੈ।

ਥੋੜ੍ਹਾ ਜਿਹਾ ਸਮਾਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਪਰਾਲੀ ਨਹੀਂ ਸਾੜੀ ਜਾਵੇਗੀ ਤਾਂ ਸਾਰੇ ਕਿਸਾਨ ਦੁਬਿਧਾ ‘ਚ ਸੀ ਕਿ ਹੁਣ ਕੀ ਕਰਾਂਗੇ। ਉਨ੍ਹਾਂ ਦੀ ਲੋੜ ਨੂੰ ਪੂਰਾ ਕਰਨ ਲਈ ਇਕ ਮਲਚਰ (ਮਸ਼ੀਨ ਦਾ ਨਾਂਅ) ਤਿਆਰ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੀ ਤੂੜੀ ਜਾਂ ਪਰਾਲੀ ਸਾੜਣ ਦੀ ਲੋੜ ਨਹੀਂ, ਉਹ ਮਲਚਰ ਆਪਣੇ-ਆਪ ਹੀ ਪਰਾਲੀ ਨੂੰ ਕੁਤਰ ਕੇ ਜ਼ਮੀਨ ਵਿਚ ਮਿਲਾਏਗਾ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ।

ਜੋ ਅੱਜ ਵਿਸ਼ਵ ਪ੍ਰਸਿੱਧ ਹੋ ਚੁੱਕੇ ਹਨ। ਜਿਨ੍ਹਾਂ ਦਾ ਬਣਿਆ ਸਾਮਾਨ ‘ਕੱਲੇ ਭਾਰਤ ਵਿਚ ਹੀ ਨਹੀਂ ਕੈਨੇਡਾ, ਅਮਰੀਕਾ ਤੱਕ ਜਾਂਦਾ ਹੈ। ਇਸ ਤੋਂ ਬਿਨਾਂ ਇੱਥੇ ਬੱਚਿਆਂ ਵਾਲੇ ਖਿਡੌਣੇ ਨਿੱਕੇ ਟਰੈਕਟਰ-ਟਰਾਲੀਆਂ, ਕੰਬਾਈਨਾਂ ਬਣਦੀਆਂ ਹਨ। ਇੱਥੋਂ ਦਾ ਬਣਿਆ ਪਾਵਰ-ਜੈਕ ਤੇ ਲੱਕੜ ਵਾਲਾ ਫਰਨੀਚਰ ਸਾਰੇ ਭਾਰਤ ਵਿਚ ਜਾਂਦਾ ਹੈ।

ਹਰੇਕ ਸਾਲ ਤਲਵੰਡੀ ਭਾਈ ਵਿਚ ਕਿਸਾਨ ਭਰਾਵਾਂ ਲਈ ਨਵੀਂ ਤੋਂ ਨਵੀਂ ਕਾਢ ਕੱਢੀ ਜਾਂਦੀ ਹੈ, ਤਾਂ ਜੋ ਕਿਸਾਨ ਵੀਰਾਂ ਨੂੰ ਖੇਤੀ ਕਰਨੀ ਹੋਰ ਵੀ ਅਸਾਨ ਹੋ ਸਕੇ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …