ਸੂਰ, ਮੀਟ ਲਈ ਪਾਲੇ ਜਾਂਦੇ ਹਨ ਤੇ ਇਹ ਇਕ ਅਜਿਹਾ ਜਾਨਵਰ ਹੈ ਜਿਸ ਨੂੰ ਬਿਮਾਰੀਆਂ ਬਹੁਤ ਘੱਟ ਲਗਦੀਆਂ ਹਨ ਤੇ ਇਸ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ। ਸੂਰੀ ਸਾਲ ਵਿਚ ਦੋ ਸੂਏ ਦੇ ਦਿੰਦੀ ਹੈ ਅਤੇ 8 ਤੋਂ 14 ਬੱਚੇ ਦੇ ਦਿੰਦੀ ਹੈ ਜੋ ਹਰ ਚੀਜ਼ ਖਾ ਲੈਂਦਾ ਹੈ ਤੇ ਇਨ੍ਹਾਂ ਦੀ ਖੁਰਾਕ ਤੇ ਖਰਚਾ ਵੀ ਘੱਟ ਆਉਂਦਾ ਹੈ। ਰਸੋਈ ਘਰ ਦੇ ਵਧੇ ਪਦਾਰਥਾਂ, ਹੋਟਲਾਂ, ਮੈਰਿਜ ਪੈਲੇਸਾਂ ਦੀ ਰਹਿੰਦ-ਖੂੰਹਦ, ਸਬਜ਼ੀ ਮੰਡੀ ਦੀ ਰਹਿੰਦ-ਖੂੰਹਦ, ਚਾਰੇ ਆਦਿ ਸਭ ਕੁਝ ਸੂਰਾਂ ਦੀ ਮਨਪਸੰਦ ਖੁਰਾਕ ਹੈ। ਸੂਰਾਂ ਦੇ ਦੋ ਮਹੀਨੇ ਦੇ ਬੱਚੇ ਵੇਚ ਕੇ ਹੀ ਇਨ੍ਹਾਂ ਤੋਂ ਕਾਫ਼ੀ ਲਾਭ ਕਮਾਇਆ ਜਾ ਸਕਦਾ ਹੈ। 8-9 ਮਹੀਨੇ ਦੇ ਸੂਰ ਮਾਰਕੀਟ ਵਿਚ ਮੀਟ ਲਈ ਵੇਚੇ ਜਾ ਸਕਦੇ ਹਨ। ਇਸ ਵਿਚ ਧੰਦੇ ਵਿਚ ਪੂੰਜੀ ਨਿਵੇਸ਼ ਘੱਟ ਹੈ। ਸਿਫਾਰਸ਼ਾਂ ਮੁਤਾਬਿਕ ਸੂਰ ਪਾਲਣ ਦਾ ਧੰਦਾ ਅਪਣਾਇਆ ਜਾਵੇ ਤਾਂ ਕਾਫ਼ੀ ਲਾਭ ਕਮਾਇਆ ਜਾ ਸਕਦਾ ਹੈ।
ਨਸਲ : ਸੂਰ ਬੱਚੇ ਪੈਦਾ ਕਰਨ ਤੇ ਮੀਟ ਦੇ ਤੌਰ ‘ਤੇ ਪਾਲੇ ਜਾਂਦੇ ਹਨ। ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਇਸ ਲਈ ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ। ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।
ਖੁਰਾਕ : ਸੂਰਾਂ ਨੂੰ ਮੱਝਾਂ-ਗਾਂਵਾਂ ਦੀ ਤਰ੍ਹਾਂ ਹੀ ਸਰੀਰ ਨੂੰ ਬਣਾਈ ਰੱਖਣ, ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਗਰਮੀ ਵਿਚ ਦਿੱਤੀ ਜਾਣ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ 18 ਫ਼ੀਸਦੀ ਤੇ ਸਰਦੀਆਂ ਵਾਲੀ ਖੁਰਾਕ ਵਿਚ 16 ਫ਼ੀਸਦੀ ਹੋਣੀ ਚਾਹੀਦੀ ਹੈ। ਪਚਣਯੋਗ ਊਰਜਾ ਦੀ ਮਾਤਰਾ ਰਾਸ਼ਨ ਵਿਚ ਸੂਰਾਂ ਦੀ ਉਮਰ ਮੁਤਾਬਿਕ 3300-3500 ਕਿਲੋ ਖੁਰਾਕ ਵਿਚ ਮੌਜੂਦ ਹੋਣੀ ਚਾਹੀਦੀ ਹੈ। ਪ੍ਰੋਟੀਨ ਤੇ ਊਰਜਾ ਖਲਾਂ ਤੇ ਅਨਾਜ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ।
ਰਹਿਣ-ਸਹਿਣ : ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ। ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ‘ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ। ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ।
ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਕਿਸੇ ਕਿਸਮ ਦੀ ਸਮੱਸਿਆ ਆਉਣ ‘ਤੇ ਵੈਟਨਰੀ ਡਾਕਟਰ ਦੀ ਤੁਰੰਤ ਸਹਾਇਤਾ ਲੈਣੀ ਫਾਇਦੇਮੰਦ ਰਹਿੰਦੀ ਹੈ। ਉਪਰੋਕਤ ਗੱਲਾਂ ਵੱਲ ਧਿਆਨ ਦੇ ਕੇ ਕਿਸਾਨ, ਸੂਰ ਪਾਲਣ ਦਾ ਕਿੱਤਾ ਚੰਗੀ ਤਰ੍ਹਾਂ ਕਰ ਸਕਦੇ ਹਨ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394