ਕੇਂਦਰ ਸਰਕਾਰ ਨੇ ਕੌਮੀ ਪ੍ਰਾਜੈਕਟਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਟਰਾਣੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਪ੍ਰਾਜੈਕਟਾਂ ਵਿੱਚ ਬੋਰਡਾਂ ’ਤੇ ਹਿੰਦੀ ਭਾਸ਼ਾ ਹੀ ਮੋਹਰੀ ਰਹੇਗੀ। ਇਹ ਫ਼ੈਸਲਾ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੂੰ ਸੱਟ ਮਾਰਨ ਵਾਲਾ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਲਾਏ ਜਾ ਰਹੇ ਸਾਈਨ ਬੋਰਡਾਂ ’ਤੇ ਹਿੰਦੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ ਜਦਕਿ ਦੂਜੇ ਨੰਬਰ ’ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਤੀਜੇ ਨੰਬਰ ’ਤੇ ਹੈ। ਭਾਸ਼ਾ ਪ੍ਰੇਮੀਆਂ ਨੇ ਇਸ ਮਾਮਲੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਮੰਗ ਪੱਤਰ ਵੀ ਦਿੱਤਾ ਸੀ।
ਹਰਰਾਏਪੁਰ ਅਤੇ ਅਮਰਗੜ੍ਹ ਪਿੰਡਾਂ ਦੇ ਲੋਕਾਂ ਨੇ ਅੱਕ ਕੇ ਦਰਜਨਾਂ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਵੀ ਫੇਰ ਦਿੱਤਾ। ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਸਾਈਨ ਬੋਰਡਾਂ ਦੇ ਨਮੂਨੇ ਵਿੱਚ ਹਿੰਦੀ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਈਨ ਬੋਰਡਾਂ ’ਤੇ ਪੰਜਾਬੀ ਤੀਜੇ ਨੰਬਰ ’ਤੇ ਆ ਗਈ ਹੈ।
ਜਦੋਂ ਇਹ ਮਾਮਲਾ ਭਖਿਆ ਸੀ ਤਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਹ ਮੁੱਦਾ ਕੌਮੀ ਸ਼ਾਹਰਾਹ ਅਥਾਰਟੀ ਕੋਲ ਚੁੱਕਿਆ ਸੀ।
ਦੂਜੇ ਪਾਸੇ, ਜਦੋਂ ਹੁਣ ਕੁਝ ਪਿੰਡਾਂ ਨੇ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਪ੍ਰਾਈਵੇਟ ਕੰਪਨੀ ਨੇ ਕੌਮੀ ਸ਼ਾਹਰਾਹ ’ਤੇ ਬਾਕੀ ਬਚਦੇ ਸਾਈਨ ਬੋਰਡ ਵੀ ਧੜਾਧੜ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ’ਤੇ ਹਿੰਦੀ ਨੂੰ ਹੀ ਪ੍ਰਮੁੱਖ ਰੱਖਿਆ ਗਿਆ ਹੈ। ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ’ਤੇ ਲੱਗੇ ਮੀਲ ਪੱਥਰਾਂ ’ਤੇ ਹਿੰਦੀ ਭਾਸ਼ਾ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਨਾਮ ਲਿਖੇ ਹੋਏ ਹਨ। ਦੂਜੇ ਪਾਸੇ, ਬਠਿੰਡਾ-ਚੰਡੀਗੜ੍ਹ ਸ਼ਾਹਰਾਹ ’ਤੇ ਜੋ ਬੋਰਡ ਲੱਗੇ ਹਨ, ਉਨ੍ਹਾਂ ’ਤੇ ਪੰਜਾਬੀ ਭਾਸ਼ਾ ਪਹਿਲੇ ਨੰਬਰ ’ਤੇ ਹੈ। ਸੂਤਰ ਦੱਸਦੇ ਹਨ ਕਿ ਕੌਮੀ ਸ਼ਾਹਰਾਹ ਨੂੰ ਚਹੁੰਮਾਰਗੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵੱਲੋਂ ਹੀ ਇਹ ਸਾਈਨ ਬੋਰਡ ਲਗਾਏ ਜਾ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇਸ ਕੰਪਨੀ ਨੇ ਸਾਈਨ ਬੋਰਡ ਲਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ।