ਮਾਪਿਆਂ ਤੇ ਸਕੂਲੀ ਬੱਚਿਆਂ ਲਈ ਇਕ ਖਤਰਨਾਕ ਖਬਰ। ਸਕੂਲਾਂ ਵਿਚ ਸਟ੍ਰਾਬੇਰੀ ਕੁਇਕ ਨਾਂ ਨਾਲ ਡਰੱਗਸ ਬੱਚਿਆਂ ਤਕ ਪਹੁੰਚ ਰਹੀ ਹੈ। ਇਹ ਸਕੂਲਾਂ ਦੇ ਕੋਲ ਧੜੱਲੇ ਨਾਲ ਵਿਕ ਰਹੀ ਹੈ। ਕੈਂਡੀ ਦੇ ਰੂਪ ਵਿਚ ਇਹ ਨਸ਼ਾ ਸੌਖਿਆਂ ਹੀ ਬੱਚਿਆਂ ਨੂੰ ਮਿਲ ਰਿਹਾ ਹੈ ਤੇ ਸੁਆਦ ਦੇ ਚੱਕਰ ਵਿਚ ਬੱਚੇ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਨਸ਼ਾ ਲੈ ਰਹੇ ਹਨ। ਇਸ ਖਬਰ ਦੇ ਸਾਹਮਣੇ ਆਉਂਦਿਆਂ ਹੀ ਮਾਪੇ ਤੇ ਸਕੂਲ ਪ੍ਰਬੰਧਕ ਚਿੰਤਾ ਵਿਚ ਹਨ। ਕਈ ਸਕੂਲਾਂ ਨੇ ਤਾਂ ਨੋਟਿਸ ਬੋਰਡ ‘ਤੇ ਮਾਪਿਆਂ ਨੂੰ ਅਵੇਅਰ ਕਰਨ ਲਈ ਨੋਟਿਸ ਵੀ ਚਿਪਕਾ ਦਿੱਤਾ ਹੈ ਤੇ ਬੱਚਿਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਹੈ।
ਇਹ ਡਰੱਗਸ ਕੈਂਡੀ ਦੀ ਸ਼ਕਲ ਵਿਚ ਹੈ। ਕੈਂਡੀ ਵਿਚ ਕ੍ਰਿਸਟਲ ਹੈ ਜੋ ਪਾਪ ਰਾਕਸ ਨਸ਼ੇ ਦੇ ਤੌਰ ‘ਤੇ ਕੰਮ ਕਰਦਾ ਹੈ। ਬੱਚੇ ਇਸਨੂੰ ਬੜੇ ਚਾਅ ਨਾਲ ਖਾਂਦੇ ਹਨ, ਕਿਉਂਕਿ ਇਸਦੀ ਖੁਸ਼ਬੂ ਤੇ ਸੁਆਦ ਉਨ੍ਹਾਂ ਨੂੰ ਬੜਾ ਚੰਗਾ ਲੱਗਦਾ ਹੈ। ਇਹ ਮੂੰਹ ਵਿਚ ਰੱਖਦਿਆਂ ਹੀ ਘੁਲਣ ਲੱਗਦੀ ਹੈ। ਇਹ ਗੁਲਾਬੀ ਰੰਗ ਦੀ ਕੈਂਡੀ ਹੈ। ਇਹ ਸਟ੍ਰਾਬੇਰੀ ਤੋਂ ਇਲਾਵਾ ਚਾਕਲੇਟ ਤੇ ਕਈ ਹੋਰ ਫਲੇਵਰਾਂ ਵਿਚ ਵੀ ਮਿਲਦੀ ਹੈ। ਬੱਚਿਆਂ ਨੂੰ ਨਸ਼ੇ ਦਾ ਆਦੀ ਬਣਾਉਣ ਲਈ ਡਰੱਗਸ ਡੀਲਰ ਧੜੱਲੇ ਨਾਲ ਇਸ ਨੂੰ ਸਕੂਲਾਂ ਦੇ ਨੇੜੇ-ਤੇੜੇ ਵੇਚ ਰਹੇ ਹਨ। ਹੌਲੀ-ਹੌਲੀ ਬੱਚਿਆਂ ਨੂੰ ਇਸ ਕੈਂਡੀ ਦੀ ਆਦਤ ਪੈ ਜਾਂਦੀ ਹੈ। ਇਸ ਨਾਲ ਬੱਚੇ ਸੁਸਤ ਹੋ ਜਾਂਦੇ ਹਨ ਤੇ ਪੜ੍ਹਾਈ ਵਿਚ ਵੀ ਬੱਚਿਆਂ ਦਾ ਧਿਆਨ ਨਹੀਂ ਲੱਗਦਾ। ਹੌਲੀ-ਹੌਲੀ ਬੱਚੇ ਗੰਭੀਰ ਬੀਮਾਰੀਆਂ ਦੀ ਜਕੜ ਵਿਚ ਵੀ ਆ ਜਾਂਦੇ ਹਨ।
ਸੋਸ਼ਲ ਮੀਡੀਆ ਰਾਹੀਂ ਸਕੂਲ ਮੈਨੇਜਮੈਂਟਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਡਰੱਗਸ ਦੇ ਸਾਹਮਣੇ ਆਉਂਦਿਆਂ ਹੀ ਸਕੂਲ ਮੈਨੇਜਮੈਂਟ ਤੇ ਮਾਪੇ ਡਰੇ ਹੋਏ ਹਨ। ਸਕੂਲ ਮੈਨੇਜਮੈਂਟ ਨੇ ਨਾ ਸਿਰਫ ਅਹਿਤਿਆਤ ਦੇ ਤੌਰ ‘ਤੇ ਮਾਪਿਆਂ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਹਨ, ਨਾਲ ਹੀ ਬੱਚਿਆਂ ਨੂੰ ਵੀ ਇਸ ਬਾਰੇ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਅਜਿਹੀਆਂ ਕੈਂਡੀਆਂ ਤੋਂ ਦੂਰ ਰਹਿਣ ਖਾਸ ਤੌਰ ‘ਤੇ ਕਿਸੇ ਵੀ ਸ਼ੱਕੀ ਵਿਅਕਤੀ ਕੋਲੋਂ ਇਸ ਤਰ੍ਹਾਂ ਦੀ ਕੋਈ ਕੈਂਡੀ ਨਾ ਲੈਣ। ਮਹਾਨਗਰ ਦੇ ਕਈ ਸਕੂਲਾਂ ਨੇ ਤਾਂ ਬਕਾਇਦਾ ਬੋਰਡ ‘ਤੇ ਨੋਟਿਸ ਲਾ ਕੇ ਬੱਚਿਆਂ ਤੇ ਮਾਪਿਆਂ ਨੂੰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੁਲਸ ਵੀ ਹੋਈ ਅਲਰਟ
ਮਾਮਲਾ ਪੰਜਾਬ ਪੁਲਸ ਦੇ ਅਧਿਕਾਰੀਆਂ ਤਕ ਵੀ ਪਹੁੰਚ ਚੁੱਕਾ ਹੈ ਕਿਉਂਕਿ ਮਾਮਲਾ ਬੱਚਿਆਂ ਨਾਲ ਜੁੜਿਆ ਹੈ ਤੇ ਇਸਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਸ ਨਾ ਸਿਰਫ ਇਹ ਡਰੱਗਸ ਵੇਚਣ ਵਾਲਿਆਂ ‘ਤੇ ਨਜ਼ਰ ਰੱਖ ਰਹੀ ਹੈ ਸਗੋਂ ਇਸ ਗੱਲ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਡਰੱਗਸ ਕਿੱਥੇ ਤਿਆਰ ਹੋ ਰਹੀ ਹੈ ਤੇ ਬੱਚਿਆਂ ਨੂੰ ਇਸਦਾ ਆਦੀ ਬਣਾਉਣ ਪਿੱਛੇ ਕੀ ਕਾਰਨ ਹੈ।
ਪੰਜਾਬ ਦਾ ਨੌਜਵਾਨ ਵਰਗ ਪਹਿਲਾਂ ਹੀ ਨਸ਼ਿਆਂ ਨੇ ਕਰ ਦਿੱਤਾ ਹੈ ਬਰਬਾਦ
ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਨੌਜਵਾਨ ਵਰਗ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿਚ ਡੁੱਬ ਚੁੱਕਾ ਹੈ। ਪੰਜਾਬ ਨਸ਼ੇ ਦੀ ਇਕ ਵੱਡੀ ਮਾਰਕੀਟ ਬਣ ਚੁੱਕਾ ਹੈ। ਪੰਜਾਬ ਦਾ ਅਜਿਹਾ ਕੋਈ ਘਰ ਨਹੀਂ ਜੋ ਨਸ਼ਿਆਂ ਤੋਂ ਦੂਰ ਹੋਵੇ। ਬਰਬਾਦ ਹੁੰਦੀ ਇਸ ਪੀੜ੍ਹੀ ਨੂੰ ਲੈ ਕੇ ਬਹੁਤ ਚਿੰਤਾ ਜਤਾਈ ਜਾ ਰਹੀ ਹੈ ਤੇ ਹੁਣ ਬੱਚਿਆਂ ਨੂੰ ਇਸਦਾ ਆਦੀ ਬਣਾਇਆ ਜਾ ਰਿਹਾ ਹੈ ਜੋ ਕੋਈ ਡੂੰਗੀ ਸਾਜ਼ਿਸ਼ ਜਾਪਦੀ ਹੈ।