ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਲੋਕ ਰਜ਼ਾਈਆਂ ਵਿੱਚ ਹੁੰਦੇ ਹਨ ਤੇ ਸਾਡਾ ਅੰਨਦਾਤਾ ਖੇਤਾਂ ਦੀ ਰਾਖੀ ਕਰ ਰਿਹਾ ਹੈ। ਪੰਜਾਬ ਵਿੱਚ ਅਵਾਰਾਂ ਪਸ਼ੂਆਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਕਿਸਾਨ ਗਰੁੱਪ ਬਣਾ ਕੇ ਖੁੱਲੇ ਅਸਮਾਨ ਹੇਠ ਅਵਾਰਾ ਪਸ਼ੂਆਂ ਤੋਂ ਕਣਕ ਦੀ ਰਾਖੀ ਲਈ ਪਹਿਰਾ ਦੇਣ ਲਈ ਮਜ਼ਬੂਰ ਹਨ। ਇੰਨਾ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ‘ਚ ਕਿਸਾਨ ਆਪਣੀਆਂ ਫਸਲਾਂ ‘ਚੋਂ ਬਾਹਰ ਕੱਢਣ ਲਈ ਉੱਚੀਆਂ ਹੇਕਾਂ ਮਾਰਦੇ ਸੁਣਾਈ ਦਿੰਦੇ ਹਨ ।
ਜਿਥੇ ਇਕ ਪਾਸੇ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤੋ ਹੈ ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਅਵਾਰਾ ਪਸ਼ੂ ਤੇ ਕੁਝ ਸਮੇਂ ਤੋਂ ਜੋਰ ਫੜ ਗਈ ਇਕ ਗਊ-ਰਾਖਿਆਂ ਦੀ ਕਤਾਰ ਕਿਸਾਨੀ ਲਈ ਨਵਾਂ ਸਰਾਪ ਸਾਬਿਤ ਹੋ ਰਹੀ ਹੈ। ਪੰਜਾਬ ਵਿਚ ਦਿਨੋਂ ਦਿਨ ਆਂ ਵਿਚ ਵਾਧਾ ਹੋ ਰਿਹਾ ਹੈ ਜਿਸ ਤੋਂ ਕਿਸਾਨਾਂ ਦੇ ਨਾਲ ਨਾਲ ਹੋਰ ਵਰਗਾਂ ਦੇ ਲੋਕ ਵੀ ਪਰੇਸ਼ਾਨ ਹਨ।
ਗਊ ਸੇਵਾ ਕਮਿਸ਼ਨ ਦੇ ਅਨੁਮਾਨ ਅਨੁਸਾਰ ਪੰਜਾਬ ਵਿੱਚ ਹਰ ਸਾਲ 40 ਤੋਂ 50 ਹਜ਼ਾਰ ਪਸ਼ੂ ‘ਲਾਵਾਰਸ’ ਦੀ ਦਰਜਾਬੰਦੀ ਵਿੱਚ ਆ ਰਿਹਾ ਹੈ। ਆਵਾਰਾ ਪਸ਼ੂਆਂ ਕਾਰਨ ਫ਼ਸਲਾਂ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਇਹਨਾਂ ਦਿਨਾਂ ਵਿਚ ਕਣਕ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣਾ ਚੁਣੌਤੀ ਹੈ। ਮਾੜੀ ਆਰਥਿਕਤਾ ਦੀ ਸ਼ਿਕਾਰ ਕਿਸਾਨੀ ਨੂੰ ਕੋਈ ਸਹਾਰਾ ਤਾਂ ਕੀ ਮਿਲਣਾ ਹੈ ਬਲਕਿ ਕਿਸਾਨ ਆਵਾਰਾ ਪਸ਼ੂਆਂ ਤੋਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨਾਂ ਦੇ ਕਰੀਬ 415 ਕਰੋੜ ਰੁਪਏ ਹਰ ਸਾਲ ਖ਼ਰਚ ਹੋ ਜਾਂਦੇ ਹਨ। ਉਧਰ ਸਰਕਾਰ ਨੂੰ ‘ਗਊ ਸੈੱਸ’ ਤੋਂ ਸਲਾਨਾ ਕਰੀਬ 80 ਕਰੋੜ ਇਕੱਠੇ ਹੁੰਦੇ ਹਨ। ਇਸ ਦੇ ਬਾਵਜੂਦ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ। ਇੱਥੇ ਆਵਾਰਾ ਪਸ਼ੂਆਂ ਕਾਰਨ ਆਏ ਦਿਨ ਹਾਦਸੇ ਹੁੰਦੇ ਹਨ।
ਇਕ ਰਿਪੋਰਟ ਅਨੁਸਾਰ ਇੱਕ ਲੱਖ ਛੇ ਹਜ਼ਾਰ ਹੋਰ ਪਸ਼ੂ ਸੜਕਾਂ ’ਤੇ ਘੁੰਮ ਰਹੇ ਹਨ। ਇੱਕ ਪਿੰਡ ਦੇ ਕਿਸਾਨ ਇਨ੍ਹਾਂ ਨੂੰ ਦੂਸਰੇ ਪਿੰਡਾਂ ਵਿੱਚ ਛੱਡ ਆਉਂਦੇ ਹਨ, ਜਿਸ ਕਾਰਨ ਕਈ ਵਾਰ ਟਕਰਾਅ ਵੀ ਹੋ ਜਾਂਦਾ ਹੈ। ਪਿਛਲੇ ਕਰੀਬ ਦੋ ਸਾਲਾਂ ਤੋਂ ਲਾਵਾਰਸ ਪਸ਼ੂਆਂ ਦਾ ਮਸਲਾ ਗੰਭੀਰ ਹੋ ਗਿਆ ਹੈ।ਪ੍ਰਤੀ ਗੇੜਾ ਟਰੱਕ ਦਾ ਕਿਰਾਇਆ 12 ਹਜ਼ਾਰ ਰੁਪਏ ਪਿਆ ਹੈ। ਮਾਲਵੇ ਦੇ ਕਰੀਬ 125 ਪਿੰਡਾਂ ਵਿੱਚ ਤਾਂ ਕਿਸਾਨਾਂ ਨੇ ‘ਘੋੜਾ ਬ੍ਰਿਗੇਡ’ ਨੂੰ ਰਾਖੀ ਲਈ ਤਾਇਨਾਤ ਕੀਤਾ ਹੋਇਆ ਹੈ। ਕਿਸਾਨ ਪ੍ਰਤੀ ਏਕੜ 250 ਰੁਪਏ ਰੁਪਏ ਘੋੜਾ ਬ੍ਰਿਗੇਡ ਨੂੰ ਦੇ ਰਹੇ ਹਨ, ਕੁਝ ਪਿੰਡਾਂ ਦੇ ਕਿਸਾਨਾਂ ਵੱਲੋਂ ਮੋਟਰਸਾਈਕਲਾਂ ’ਤੇ ਰਾਤ ਨੂੰ ਆਵਾਰਾ ਪਸ਼ੂਆਂ ਤੋਂ ਰਾਖੀ ਕੀਤੀ ਜਾ ਰਹੀ ਹੈ।
ਬੀਤੇ ਸਮੇਂ ‘ਪਸ਼ੂ ਰਾਖਿਆਂ’ ਵੱਲੋਂ ਪਸ਼ੂ ਮੇਲਿਆਂ ਵਿੱਚ ਪਸ਼ੂ ਵੇਚਣ ਲਈ ਲੈ ਕੇ ਜਾਣ ਵਾਲੇ ਦੁੱਧ ਉਤਪਾਦਕਾਂ ਨਾਲ ਕੁੱਟਮਾਰ ਹੀ ਨਹੀਂ ਕੀਤੀ ਗਈ, ਸਗੋਂ ਮੋਟੀਆਂ ਰਕਮਾਂ ਵਸੂਲਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ। ਪਸ਼ੂ ਰਾਖਿਆਂ’ ਦੇ ‘ਦਬਦਬੇ’ ਕਾਰਨ ਵੱਛੇ ਵਿਕਣੋਂ ਬੰਦ ਹੋ ਚੁੱਕੇ ਹਨ। ਪਹਿਲਾਂ ਤਾਂ ਪਸ਼ੂ ਪਾਲਕ ਉਨ੍ਹਾਂ ਨੂੰ ‘ਦੁੱਧ ਛੱਡ’ ਕੇ ਥੋੜਾ ਤਕੜਾ ਕਰ ਕੇ ਪੈਸਾ ਕਮਾਉਣ ਲਈ ਕੁਝ ਸਮਾਂ ਪਾਲ ਲੈਂਦੇ ਸਨ। ਹੁਣ ਇਹ ਵਿਕਦੇ ਵੀ ਨਹੀਂ ਅਤੇ ਜੇ ਇਨ੍ਹਾਂ ਨੂੰ ਛੱਡੋ ਤਾਂ ਵੀ ਮੁਸ਼ਕਲ ਹੈ। ਬਹੁਤ ਸਾਰੇ ਘਰਾਂ ਵਿੱਚ ਹੁਣ ਵੱਛਿਆਂ ਨੂੰ ਸ਼ੁਰੂ ਵਿੱਚ ਹੀ ‘ਦੁੱਧ ਛੱਡਣਾ’ ਬੰਦ ਕਰ ਦੇਣ ਨਾਲ ਇਹ ਕੁਝ ਦਿਨਾਂ ਵਿੱਚ ਹੀ ਮਰ ਜਾਂਦੇ ਹਨ ।