ਮਾਲਵਾ ਖੇਤਰ ਦੇ ਚਾਰ ਜ਼ਿਲਿ੍ਹਆਂ ਸੰਗਰੂਰ, ਬਰਨਾਲਾ, ਮਾਨਸਾ ਤੇ ਬਠਿੰਡਾ ਵਿਚ ਕੋਟਲਾ ਬ੍ਰਾਂਚ ਨਹਿਰ ਅਧੀਨ ਆਉਂਦੇ ਸਿੰਚਾਈ ਪ੍ਰਬੰਧ ਦੇ ਖਾਲਿਆਂ ਨੂੰ ਪੱਕਾ ਕਰਨ ਲਈ ਪਿਛਲੇ ਤਿੰਨ ਸਾਲ ‘ਚ 1050 ਕਰੋੜ ਰੁਪਏ ਦੇ ਕਰੀਬ ਖਰਚ ਕੀਤੀ ਰਕਮ ‘ਚੋਂ 500 ਕਰੋੜ ਰੁਪਏ ਤੋਂ ਵਧੇਰੇ ਰਕਮ ਅਫਸਰਾਂ, ਠੇਕੇਦਾਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਦੇ ਪੇਟੇ ਜਾ ਪਈ ਦੱਸੀ ਜਾਂਦੀ ਹੈ |
ਚਾਰਾਂ ਜ਼ਿਲਿ੍ਹਆਂ ਦੇ ਪੱਕੇ ਕੀਤੇ ਖਾਲਿਆਂ ਦੀ ਹਾਲਤ ਇਸ ਵੇਲੇ ਘਟੀਆ ਸਮੱਗਰੀ ਲਗਾਏ ਜਾਣ ਕਾਰਨ ਏਨੀ ਖਸਤਾ ਹੋ ਗਈ ਦੱਸੀ ਜਾਂਦੀ ਹੈ ਕਿ ਥਾਂ-ਥਾਂ ਤੋਂ ਖਾਲਿਆਂ ‘ਚੋਂ ਪਾਣੀ ਰਿਸਦਾ ਹੈ ਤੇ ਬਹੁਤ ਥਾਈਾ ਖੱਡੇ ਹੀ ਪੈ ਗਏ ਹਨ | ਪਾਣੀ ਰਿਸਣ ਜਾਂ ਖੁੱਲ੍ਹਾ ਫਿਰਨ ਕਾਰਨ ਸਿੰਚਾਈ ਪਾਣੀ ਦੇ ਬੰਦੋਬਸਤ ਤੇ ਸੁਧਾਰ ਦੀ ਥਾਂ ਸਗੋਂ ਉਲਟਾ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ |
ਕਿਸਾਨਾਂ ਦਾ ਦੋਸ਼ ਹੈ ਕਿ ਠੇਕੇਦਾਰਾਂ ਨੇ ਖਾਲੇ ਚੌੜੇ ਤੇ ਪੱਕੇ ਕਰਨ ਉੱਪਰ ਏਨੀ ਘਟੀਆ ਸਮੱਗਰੀ ਲਗਾਈ ਗਈ ਹੈ ਕਿ ਲਗਪਗ ਸਾਰੇ ਥਾਈਾ ਖਾਲੇ ਟੁੱਟ-ਭੱਜ ਗਏ ਹਨ | ਕਿਸਾਨਾਂ ਦੇ 10 ਫੀਸਦੀ ਹਿੱਸੇ ਮੁਤਾਬਿਕ 100 ਕਰੋੜ ਰੁਪਏ ਤਾਂ ਸਰਕਾਰੀ ਅਧਿਕਾਰੀਆਂ ਨੇ ਕਿਸਾਨਾਂ ਤੋਂ ਹੀ ਉਗਰਾਹ ਲਏ
ਹੈਰਾਨੀਜਨਕ ਤੱਥ ਇਹ ਹੈ ਕਿ ਜਦ ਕਾਰਪੋਰੇਸ਼ਨ ਦੇ ਅਧਿਕਾਰੀ ਅਦਾਇਗੀਆਂ ਲਈ ਠੇਕੇਦਾਰਾਂ ਤੋਂ ਮੋਟੀਆਂ ਰਕਮਾਂ ਮੰਗਣ ਲੱਗੇ ਤਾਂ ਬਠਿੰਡਾ ਡਵੀਜ਼ਨ ਤੇ ਮਾਨਸਾ ਡਵੀਜ਼ਨ ਦੇ ਐਕਸੀਅਨ ਸ਼ਿਕਾਇਤ ਦੇ ਆਧਾਰ ਉੱਪਰ ਰੰਗੇ ਹੱਥੀਂ ਵਿਜੀਲੈਂਸ ਵਲੋਂ ਕਾਬੂ ਕੀਤੇ ਗਏ |(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਫੜੇ ਗਏ ਦੋਵਾਂ ਅਧਿਕਾਰੀਆਂ ਕੋਲੋਂ ਕਰੋੜਾਂ ਦੀ ਨਕਦੀ ਤੇ ਭਾਰੀ ਮਾਤਰਾ ‘ਚ ਸੋਨਾ ਤੇ ਹੀਰੇ ਬਰਾਮਦ ਹੋਏ |ਵਿਜੀਲੈਂਸ ਬਠਿੰਡਾ ਵਲੋਂ ਜ਼ਿਲ੍ਹੇ ਦੇ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ‘ਚ ਦਾਖ਼ਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਕਸੀਅਨ ਨੇ ਆਪਣੇ ਸੋਮਿਆਂ ਤੋਂ ਵੱਧ 4 ਕਰੋੜ, 81 ਲੱਖ 86 ਹਜ਼ਾਰ 986 ਰੁਪਏ ਦੀ ਚਲ ਤੇ ਅਚੱਲ ਜਾਇਦਾਦ ਬਣਾਈ ਹੈ |
ਵਿਜੀਲੈਂਸ ਦਾ ਕਹਿਣਾ ਹੈ ਕਿ ਐਕਸੀਅਨ ਦੇ ਘਰੋਂ 20 ਬੈਂਕ ਖਾਤਿਆਂ ਦੀਆਂ ਪਾਸ ਬੁੱਕਾਂ ‘ਚ 1 ਕਰੋੜ 71 ਲੱਖ ਰੁਪਏ ਅਤੇ 109 ਐਫ. ਡੀਜ਼ ‘ਚ 1 ਕਰੋੜ 96 ਲੱਖ ਰੁਪਏ ਜਮ੍ਹਾਂ ਪਾਏ ਗਏ ਹਨ ਤੇ ਉਸ ਦੀ ਪਤਨੀ ਦੇ ਲਾਕਰ ‘ਚੋਂ ਅੱਧਾ ਕਿਲੋ ਦੇ ਕਰੀਬ ਸੋਨਾ ਤੇ ਹੀਰੇ ਪਾਏ ਗਏ ਹਨ, ਪਰ ਇਸ ਐਕਸੀਅਨਾ ਪ੍ਰਤੀ ਸਰਕਾਰ ਤੇ ਵਿਜੀਲੈਂਸ ਏਨੀ ਮਿਹਰਬਾਨ ਹੈ ਕਿ ਏਨੀ ਵੱਡੀ ਬਰਾਮਦਗੀ ਤੇ ਦੋਸ਼ਾਂ ਦੇ ਬਾਵਜੂਦ ਨਾ ਉਸ ਵਿਰੁੱਧ ਚਲਾਨ ਪੇਸ਼ ਕੀਤਾ ਤੇ ਨਾ ਕੋਈ ਵਿਭਾਗੀ ਕਾਰਵਾਈ ਹੋਈ |
ਅਗਰ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਠੇਕੇਦਾਰਾਂ ਤੇ ਅਫਸਰਾਂ ਦੀ ਕਿਸਾਨਾਂ ਨਾਲ 5 ਅਰਬਾਂ ਦੀ ਹੋਈ ਠੱਗੀ ਤੇ ਕੇਂਦਰ ਸਰਕਾਰ ਤੇ ਕਿਸਾਨਾਂ ਦਾ ਪੈਸਾ ਖੁਰਦ-ਬੁਰਦ ਕਰਨ ਅਤੇ ਵਿਜੀਲੈਂਸ ਅਧਿਕਾਰੀਆਂ ਦੀ ਸਾਰੇ ਮਾਮਲੇ ਉੱਪਰ ਪਰਦਾ ਪਾਉਣ ਦੇ ਯਤਨ ਵੀ ਬੇਪਰਦ ਹੋ ਸਕਦੇ ਹਨ