ਲੰਮੀ ਚੱਲ ਰਹੀ ਠੰਢ ਦੇ ਚੱਲਦੇ ਸੂਬੇ ‘ਚ ਇਸ ਵਾਰ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਉਮੀਦ ਪੈਦਾ ਹੋ ਗਈ ਹੈ। ਖੇਤੀ ਮਾਹਰਾਂ ਦਾ ਦਾਅਵਾ ਹੈ ਕਿ ਜੇਕਰ ਆਉਣ ਵਾਲੇ ਸਮੇਂ ‘ਚ ਵੀ ਮੌਸਮ ਅਨੁਕੂਲ ਰਿਹਾ ਤਾਂ ਪਿਛਲੇ ਸੀਜ਼ਨ ‘ਚ ਪੈਦਾ ਹੋਈ ਕਣਕ ਦਾ ਰਿਕਾਰਡ ਟੁੱਟ ਸਕਦਾ ਹੈ।
ਖੇਤੀ ਵਿਗਿਆਨੀਆਂ ਮੁਤਾਬਕ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪਈ ਜਿਆਦਾ ਠੰਢ ਕਾਰਨ ਕਣਕ ਦੀ ਥੋੜੀ ਲੇਟ ਹੋਈ ਬੀਜਾਈ ਦੀ ਕਮੀ ਵੀ ਦੂਰ ਹੋ ਗਈ ਹੈ। ਉਂਜ ਇਸ ਵਾਰ ਸਰੋਂ ਅਤੇ ਜੋਂ ਦੀ ਫ਼ਸਲ ਕਾਰਨ ਕਣਕ ਹੇਠਲਾ ਰਕਬਾ ਥੋੜਾ ਜਰੂਰ ਘਟਿਆ ਹੈ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜੇਕਰ ਇਸ ਵਾਰ ਕਣਕ ਦੀ ਪੈਦਾਵਾਰ ਚੰਗੀ ਰਹੀ ਤਾਂ ਇਹ ਸੂਬੇ ਦੀ ਲਗਾਤਾਰ ਤੀਜ਼ੀ ਰਿਕਾਰਡ ਤੋੜ ਫ਼ਸਲ ਹੋਵੇਗੀ, ਜਿਸਦੀ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਨੂੰ ਵੀ ਭਾਰੀ ਉਮੀਦ ਹੈ।
ਅੰਕੜਿਆਂ ਮੁਤਾਬਕ ਇਸ ਵਾਰ ਸੂਬੇ ‘ਚ ਕਣਕ ਦੀ ਕਰੀਬ 35 ਲੱਖ ਹੈਕਟੇਅਰ ਰਕਬੇ ਵਿਚ ਬੀਜ਼ਾਈ ਹੋ ਚੁੱਕੀ ਹੈ ਅਤੇ ਹੁਣ ਤੱਕ ਇਸ ਫ਼ਸਲ ਨੂੰ ਪਹਿਲਾ ਪਾਣੀ ਵੀ ਦਿੱਤਾ ਜਾ ਚੁੱਕਾ ਹੈ। ਖੇਤੀ ਮਾਹਰਾਂ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਸ਼ਾਮ 6 ਵਜੇਂ ਤੋਂ ਸਵੇਰੇ ਅੱਠ ਵਜੇਂ ਤੱਕ ਪੈ ਰਹੀ ਭਾਰੀ ਠੰਢ ਨੇ ਇਸ ਫ਼ਸਲ ਲਈ ਘਿਊ ਵਰਗਾ ਕੰਮ ਕੀਤਾ ਹੈ। ਜਦੋਂ ਕਿ ਦਿਨ ਦਾ ਤਾਪਮਾਨ ਅਮੂਮਨ ਠੀਕ ਰਹਿੰਦਾ ਹੈ।
ਮੌਸਮ ਵਿਗਿਆਨੀਆਂ ਦਾ ਵੀ ਦਾਅਵਾ ਹੈ ਕਿ ਇਸ ਵਾਰ ਠੰਢ ਦਾ ਸੀਜ਼ਨ ਪਿਛਲੇ ਸਾਲ ਦੇ ਮੁਕਾਬਲੇ ਥੌੜਾ ਲੰਮਾ ਚੱਲਿਆ ਹੈ। ਪਿਛਲੇ ਸੀਜ਼ਨ ‘ਚ ਜਿਆਦਾ ਗਰਮੀ ਪੈਣ ਕਾਰਨ ਜਨਵਰੀ ਦੇ ਆਖ਼ਰੀ ਤੇ ਫ਼ਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਹੀ ਜਿਆਦਾ ਅਗੇਤੀ ਕਣਕ ਨਿਸਰ ਆਈ ਸੀ ਪ੍ਰੰਤੂ ਇਸ ਵਾਰ ਅਜਿਹਾ ਹੋਣ ਦੀ ਕੋਈ ਉਮੀਦ ਨਹੀਂ ਹੈ।
ਉਧਰ ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਹੁਣ ਅਜਿਹੇ ਮੌਸਮ ਵਿਚ ਜਿਆਦਾ ਖੇਤ ਭਰ ਕੇ ਪਾਣੀ ਲਗਾਉਣ ਤੋਂ ਸਾਵਧਾਨ ਕਰਦਿਆਂ ਕਿਹਾ ”ਦੂਜੀ ਵਾਰ ਪਤਲਾ-ਪਤਲਾ ਪਾਣੀ ਹੀ ਇਸ ਫ਼ਸਲ ਲਈ ਕਾਫ਼ੀ ਹੈ।” ਇਸ ਦੇ ਇਲਾਵਾ ਗੁੱਲੀ-ਡੰਡਾ ਆਦਿ ਦੀ ਰੋਕਥਾਮ ਲਈ ਸਪਰੇਹ ਆਦਿ ਦੀ ਵਰਤੋਂ ਵੀ ਧੁੱਪ ਦੌਰਾਨ ਹੀ ਕਰਨ ਦਾ ਸੁਝਾਅ ਦਿੱਤਾ ਹੈ ਤਾਂ ਕਿ ਇਸਦਾ ਜਿਆਦਾ ਅਸਰ ਹੋ ਸਕੇ। ਗੌਰਤਲਬ ਹੈ ਕਿ ਕਣਕ ਦੀ ਫ਼ਸਲ ਲਈ ਠੰਢ ਦਾ ਮੌਸਮ ਕਾਫ਼ੀ ਅਨੁਕੂਲ ਰਹਿੰਦਾ ਹੈ ਤੇ ਇਸਦੇ ਨਾਲ ਇਸਦਾ ਵਿਕਾਸ ਵਧੀਆਂ ਹੁੰਦਾ ਹੈ।
ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਇਕ ਵਾਰ 180 ਲੱਖ ਮੀਟਰਕ ਟਨ ਕਣਕ ਦੀ ਪੈਦਾਵਾਰ ਦਾ ਰਿਕਾਰਡ ਬਣਿਆ ਹੋਇਆ ਹੈ। ਹਾਲਾਂਕਿ ਪਿਛਲੇ ਸਾਲ ਵੀ ਕਣਕ ਦੀ ਚੰਗੀ ਪੈਦਾਵਾਰ ਹੋਈ ਸੀ ਤੇ ਪੈਦਾਵਾਰ ਦਾ ਅੰਕੜਾ 177 ਲੱਖ ਮੀਟਰਕ ਟਨ ਤੱਕ ਪੁੱਜ ਗਿਆ ਸੀ। ਪ੍ਰੰਤੂ ਚਾਲੂ ਮੌਸਮ ਦੇ ਚੱਲਦੇ ਖੇਤੀ ਮਾਹਰਾਂ ਨੂੰ ਆਸ ਹੈ ਕਿ ਇਸ ਵਾਰ ਇਹ ਅੰਕੜਾ ਉਕਤ ਰਿਕਾਰਡ ਅੰਕੜੇ ਦੇ ਬਰਾਬਰ ਪੁੱਜੇਗਾ।