ਪੰਜਾਬ ਦੀ ਕੈਪਟਨ ਸਰਕਾਰ ਵਲੋਂ ਨਸ਼ਿਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਦਾਅਵੇ ਉਸ ਸਮੇਂ ਝੂਠੇ ਸਾਬਤ ਹੋ ਗਏ, ਜਦੋਂ ਲੁਧਿਆਣੇ ਦੇ ਚੌਂਤਾ ਪਿੰਡ ਦੇ ਲੋਕਾਂ ਨੇ ਇਹ ਕਹਿ ਦਿੱਤਾ ਕਿ ਇਸ ਪਿੰਡ ‘ਚ ਸ਼ਾਇਦ ਲੂਣ ਲੈਣ ਲਈ ਔਖ ਆ ਜਾਵੇ ਪਰ ‘ਚਿੱਟਾ’ ਬੜੀ ਆਸਾਨੀ ਨਾਲ ਮੁਹੱਈਆ ਹੋ ਜਾਂਦਾ ਹੈ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਐਡਵਾਈਜ਼ਰ ਲੈਫ. ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ (ਰਿਟਾਇਰਡ) ਨੇ ਬੁੱਧਵਾਰ ਨੂੰ ਤੌਂਗਾ ਪਿੰਡ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਕਿ ਪਿੰਡ ਦੇ ਨੌਜਵਾਨ ਬੁਰੀ ਤਰ੍ਹਾਂ ਨਸ਼ੇ ਦੀ ਦਲਦਲ ‘ਚ ਫਸਦੇ ਜਾ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਲੂਣ ਲੈਣ ਲਈ ਵੀ ਕਰਿਆਨੇ ਦੀ ਦੁਕਾਨ ‘ਤੇ ਜਾਣਾ ਪੈਂਦਾ ਹੈ ਪਰ ‘ਚਿੱਟਾ’ ਤਾਂ ਦਰ-ਦਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਕਸਬਿਆਂ ਦੇ ਲੋਕ ਵੀ ਇੱਥੇ ਚਿੱਟਾ ਲੈਣ ਆ ਜਾਂਦੇ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਇੱਥੇ ਪੁਲਸ ਪੋਸਟ ਬਣਾਉਣ ਦੀ ਵੀ ਮੰਗ ਕੀਤੀ।
ਲੁਧਿਆਣਾ ਦੇ ਸਾਹਨੇਵਾਲ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਇਸ ਪਿੰਡ ਦੀ ਆਬਾਦੀ 2,000 ਦੇ ਕਰੀਬ ਹੈ। ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਨਸ਼ਿਆਂ ਦਾ ਇਹ ਕਾਰੋਬਾਰ ਕਾਂਗਰਸ ਦੇ ਰਾਜ ‘ਚ ਘਟ ਜਾਵੇਗਾ ਪਰ ਹਾਲਾਤ ਪਹਿਲਾਂ ਵਾਲੇ ਹੀ ਹਨ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਕਾਰਨ ਹੀ ਪਿੰਡ ਦੇ 2 ਨੌਜਵਾਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਨੇ ਦੱਸਿਆ ਕਿ ਹਾਲਾਤ ਇੰਨੇ ਬੁਰੇ ਹਨ ਕਿ ਸਕੂਲਾਂ ‘ਚ ਪੜ੍ਹਨ ਵਾਲੇ ਬੱਚੇ ਵੀ ਨਸ਼ਿਆਂ ਦੇ ਆਦੀ ਹੋ ਰਹੇ ਹਨ। ਪਿੰਡ ਦੇ ਰਿਟਾਇਰਡ ਮੇਜਰ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਏ. ਸੀ. ਪੀ. ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਸਰਕਾਰ ਤੱਕ ਪਹੁੰਚਾਉਣ ਤਾਂ ਜੋ ਪਿੰਡ ‘ਚੋਂ ਨਸ਼ਿਆਂ ਦੇ ਕਾਰੋਬਾਰ ‘ਤੇ ਠੱਲ ਪਾਈ ਜਾ ਸਕੇ।