ਚੰਡੀਗੜ੍ਹ: ਜਦੋਂ ਮੈਂ ਥਰਮਲ ਚਲਾਉਣ ਬਾਰੇ ਬਿਆਨ ਦਿੱਤਾ ਸੀ ਉਦੋਂ ਮੈਨੂੰ ਇਸ ਬਾਰੇ ਏਨਾ ਗਿਆਨ ਨਹੀਂ ਸੀ। ਵਿੱਤ ਮੰਤਰੀ ਬਣ ਕੇ ਪਤਾ ਲੱਗਦਾ ਕਿ ਹੁਣ ਇਹ ਸ਼ੁਰੂ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵੋਟਾਂ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਅਕਾਲੀ ਪੰਜਾਬ ਸਿਰ ਇੰਨਾ ਕਰਜ਼ਾ ਚਾੜ੍ਹ ਕੇ ਗਏ ਹਨ। ਇਸੇ ਕਰ ਕੇ ਹੀ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਸਾਰਾ ਕਰਜ਼ ਮੁਆਫ ਕਰਨ ਦੀ ਗੱਲ ਕਹੀ ਸੀ। ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਏ.ਬੀ.ਪੀ. ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਕਾਰਨ ਸਾਨੂੰ ਹਰ ਮਹੀਨੇ 1300 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਸੀ। ਜੇ ਪੰਜਾਬ ਦੀ ਜਨਤਾ ਇਹ ਘਾਟਾ ਜਰਨ ਨੂੰ ਤਿਆਰ ਹੈ ਤਾਂ ਅਸੀਂ ਥਰਮਲ ਪਲਾਂਟ ਸ਼ੁਰੂ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕਾਂ ਨੂੰ ਇਸ ਨਾਲ ਵੱਡੇ ਪ੍ਰਦੂਸ਼ਣ ਦਾ ਵੀ ਸਾਹਮਣਾ ਕਰਨਾ ਪਿਆ ਹੈ ਤੇ ਸ਼ਹਿਰ ਦੇ ਲੋਕ ਇਸ ਗੱਲ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਸੀਂ ਥਰਮਲ ਦੇ ਮੁਲਾਜ਼ਮਾਂ ਨਾਲ ਕੋਈ ਧੱਕਾ ਨਹੀਂ ਕੀਤਾ ਤੇ ਸਭ ਨੂੰ ਵੱਖ-ਵੱਖ ਥਾਂ ‘ਤੇ ‘ਅਡਜਸਟ’ ਕੀਤਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਥਰਮਲ ਦੇ ਕੱਚੇ ਮੁਲਾਜ਼ਮਾਂ ਨੂੰ ਵੀ ਨੌਕਰੀ ਦੇ ਰਹੇ ਹਾਂ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਆਰਥਿਕ ਨੁਕਸਾਨ ਨਾ ਹੋਵੇ। ਮਨਪ੍ਰੀਤ ਬਾਦਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਵੈਸੇ ਥਰਮਲ ਬੰਦ ਕਰਨ ਦਾ ਪ੍ਰਪੋਜ਼ਲ ਅਕਾਲੀ ਦਲ ਦੀ ਸਰਕਾਰ ਨੇ ਹੀ ਲਿਆਂਦਾ ਸੀ।ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਰਥਿਕਤਾ ਇਹ ਸਾਨੂੰ ਇਹ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਕਰ ਦੇਈਏ। ਉਨ੍ਹਾਂ ਕਿਹਾ ਕਿ ਅਸੀਂ ਬਾਕੀ ਸਾਰੇ ਸੂਬਿਆਂ ਨਾਲੋਂ ਕਿਸਾਨਾਂ ਦਾ ਜ਼ਿਆਦਾ ਕਰਜ਼ ਮੁਆਫ ਕੀਤਾ ਹੈ ਤੇ ਫਿਰ ਵੀ ਵਿਰੋਧੀ ਸਾਡੀ ਅਲੋਚਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਪੰਜਾਬ ਦਾ ਇੱਕ ਵੀ ਰੁਪਇਆ ਮੁਆਫ ਨਹੀਂ ਕੀਤਾ ਹੈ।