ਚੰਡੀਗੜ੍ਹ: ਕਣਕ ਦੇ ਬੀਜ ਦੀ ਵੰਡ ਕਰਨ ਲਈ ਪਾਲਿਸੀ ਤਿਆਰ ਹੈ। ਇਸ ਸਬੰਧੀ ਅੱਜ-ਭਲਕ ਜ਼ਿਲ੍ਹਿਆਂ ਨੂੰ ਹਦਾਇਤਾਂ ਭੇਜੀਆਂ ਜਾ ਰਹੀਆਂ ਹਨ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦਰਅਸਲ ਹੁਣ ਝੋਨੇ ਤੋਂ ਬਾਅਦ ਸੂਬੇ ‘ਚ ਕਿਸਾਨਾਂ ਵੱਲੋਂ ਕਣਕ ਬੀਜਣ ਦੀ ਤਿਆਰੀ ਹੈ। ਸੂਬੇ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਕੱਟ ਲਈ ਹੈ। ਉਹ ਉਸੇ ਗਿੱਲ ਵਿੱਚ ਕਣਕ ਬੀਜਣ ਲਈ ਕਾਹਲੇ ਹਨ ਪਰ ਮਹਿਕਮੇ ਵੱਲੋਂ ਇਸ ਵਾਰ ਸਬਸਿਡੀ ਵਾਲੇ ਬੀਜ ਵਿੱਚ ਕੀਤੀ ਜਾ ਰਹੀ ਦੇਰੀ ਤੋਂ ਕਿਸਾਨ ਨਿਰਾਸ਼ ਹਨ।
ਡਾਇਰੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਮਹਿਕਮਾ ਖੇਤੀਬਾੜੀ ਵਿਭਾਗ ਵੱਖ-ਵੱਖ ਏਜੰਸੀਆਂ ਰਾਹੀਂ ਕਿਸਾਨਾਂ ਨੂੰ ਸੋਧਿਆ ਹੋਇਆ ਬੀਜ ਮੁਹੱਈਆ ਕਰਵਾ ਰਹੇ ਹਨ। ਇਸ ‘ਤੇ ਪ੍ਰਤੀ ਕੁਇੰਟਲ ਹਰੇਕ ਕਿਸਾਨ ਨੂੰ ਇੱਕ ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਬੀਜ ਖ਼ਰੀਦ ਕੇ ਉਸ ਦੇ ਬਿੱਲ ਮਹਿਕਮੇ ਦੇ ਦਫ਼ਤਰਾਂ ਵਿੱਚ ਜਮ੍ਹਾ ਕਰਵਾਉਣ ਤਾਂ ਕਿ ਸਬਸਿਡੀ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾ ਸਕੇ।
ਦੱਸਣਯੋਗ ਹੈ ਕਿ ਕਣਕ ਦੇ ਬੀਜ ਤੇ ਖਾਦ ਦਾ ਮਸਲਾ ਹਰ ਵਾਰ ਉੱਠਦਾ ਹੈ ਪਰ ਸਰਕਾਰ ਇਸ ‘ਤੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦੀ। ਇਹੀ ਕਾਰਨ ਹੈ ਕਿ ਕਿਸਾਨਾਂ ਦੀ ਬਿਜਾਈ ਵੀ ਲੇਟ ਹੋ ਜਾਂਦੀ ਹੈ ਤੇ ਇਸ ਵਾਰ ਵੀ ਇਹ ਦੇਖਣ ਨੂੰ ਮਿਲ ਰਿਹਾ ਹੈ।