ਚੰਡੀਗੜ੍ਹ: ਪੰਜਾਬ ਦੇ ਅਧਿਆਪਕਾਂ ਲਈ ਨਵਾਂ ਖਤਰਾ ਪੈਦਾ ਹੋ ਗਿਆ ਹੈ। ਹਾਸਲ ਅੰਕੜਿਆਂ ਅਨੁਸਾਰ ਸੂਬੇ ਵਿਚਲੇ ਕੁੱਲ 2669 ਸਰਕਾਰੀ ਮਿਡਲ ਸਕੂਲਾਂ ਵਿਚੋਂ 1258 ਵਿਚ ਪ੍ਰਤੀ ਸਕੂਲ ਔਸਤਨ 50-50 ਵਿਦਿਆਰਥੀ ਹੀ ਪੜ੍ਹਦੇ ਹਨ। ਇਨ੍ਹਾਂ ਵਿਚੋਂ 444 ਸਕੂਲਾਂ ਵਿਚ ਔਸਤਨ ਪ੍ਰਤੀ ਸਕੂਲ 30 ਜਾਂ ਇਸ ਤੋਂ ਵੀ ਘੱਟ ਬੱਚੇ ਪੜ੍ਹਦੇ ਹਨ ਜਦਕਿ 814 ਸਕੂਲਾਂ ਵਿਚ ਮਸਾਂ 31 ਤੋਂ 50 ਤੱਕ ਬੱਚੇ ਹੀ ਪੜ੍ਹਨ ਆਉਂਦੇ ਹਨ।
ਸਰਕਾਰ ਵੱਲੋਂ 2669 ਮਿਡਲ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਮਨਜ਼ੂਰਸ਼ੁਦਾ 6-6 ਅਸਾਮੀਆਂ ਵਿਚੋਂ ਅਜਿਹੇ ਤੱਥਾਂ ਨੂੰ ਅਧਾਰ ਬਣਾ ਕੇ ਦੋ-ਦੋ ਅਸਾਮੀਆਂ ਉਪਰ ਕੈਂਚੀ ਫੇਰੀ ਜਾ ਰਹੀ ਹੈ। ਨਵੇਂ ਫੈਸਲੇ ਤਹਿਤ ਮੌਜੂਦਾ ਹਿੰਦੀ ਤੇ ਪੰਜਾਬੀ ਦੇ ਵੱਖ-ਵੱਖ ਅਧਿਆਪਕਾਂ ਦੀਆਂ ਅਸਾਮੀਆਂ ਦਾ ਭੋਗ ਪਾ ਕੇ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਪੜ੍ਹਾਉਣ ਲਈ ਕੇਵਲ ਇਕ ਅਧਿਆਪਕ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਰੂਪਨਰਗ ਦੇ ਕੁੱਲ 162 ਮਿਡਲ ਸਕੂਲਾਂ ਵਿਚੋਂ 67, ਹੁਸ਼ਿਆਰਪੁਰ ਦੇ 223 ਸਕੂਲਾਂ ਵਿਚੋਂ 60, ਗੁਰਦਾਸਪੁਰ ਦੇ 228 ਸਕੂਲਾਂ ਵਿਚੋਂ 46 ਅਤੇ ਫਤਿਹਗੜ੍ਹ ਸਾਹਿਬ ਦੇ 137 ਸਕੂਲਾਂ ਵਿਚੋਂ 41 ਸਕੂਲਾਂ ਵਿਚ ਪ੍ਰਤੀ ਸਕੂਲ 30 ਜਾਂ ਇਸ ਤੋਂ ਘੱਟ ਬੱਚੇ ਪੜ੍ਹ ਰਹੇ ਹਨ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਵਿਚਲੇ ਕਈ ਮਿਡਲ ਸਕੂਲਾਂ ‘ਚ ਵੀ ਬੱਚਿਆਂ ਦੀ ਗਿਣਤੀ 30 ਜਾਂ ਇਸ ਤੋਂ ਘੱਟ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁੱਲ 223 ਮਿਡਲ ਸਕੂਲਾਂ ਵਿਚੋਂ 95, ਗੁਰਦਾਸਪੁਰ ਦੇ 228 ਸਕੂਲਾਂ ਵਿਚੋਂ 73, ਲੁਧਿਆਣਾ ਦੇ 191 ਸਕੂਲਾਂ ਵਿਚੋਂ 57 ਅਤੇ ਜ਼ਿਲ੍ਹਾ ਰੂਪਨਗਰ ਦੇ ਕੁੱਲ 162 ਮਿਡਲ ਸਕੂਲਾਂ ਵਿਚੋਂ 55 ਸਕੂਲਾਂ ਵਿਚ ਪ੍ਰਤੀ ਸਕੂਲ ਕੇਵਲ 31 ਤੋਂ 50 ਤੱਕ ਬੱਚੇ ਹੀ ਪੜ੍ਹਦੇ ਹਨ।
ਪਹਿਲਾਂ ਮਿਡਲ ਸਕੂਲਾਂ ਵਿਚ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਤੇ ਹਿਸਾਬ ਤੇ ਸਾਇੰਸ ਲਈ ਇਕ-ਇਕ ਅਧਿਆਪਕ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਸਨ। ਇਸ ਤੋਂ ਇਲਾਵਾ ਪੰਜਾਬੀ, ਹਿੰਦੀ, ਡਰਾਇੰਗ ਅਤੇ ਸਰੀਰਕ ਸਿੱਖਿਆ ਲਈ ਵੱਖਰੇ ਤੌਰ ‘ਤੇ ਇਕ-ਇਕ ਅਧਿਆਪਕ ਦੀਆਂ ਅਸਾਮੀਆਂ ਸਨ। ਹੁਣ ਹਿੰਦੀ ਤੇ ਪੰਜਾਬੀ ਅਤੇ ਸਰੀਰਕ ਸਿੱਖਿਆ ਤੇ ਆਰਟ ਤੇ ਕਰਾਫਟ ਦੋ-ਦੋ ਵਿਸ਼ਿਆਂ ਲਈ ਵੀ ਕੇਵਲ ਇਕ-ਇਕ ਅਧਿਆਪਕ ਨੂੰ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਹੁਣ ਮਿਡਲ ਸਕੂਲਾਂ ਵਿਚ ਛੇ ਦੀ ਥਾਂ ਚਾਰ ਅਧਿਆਪਕਾਂ ਰਾਹੀਂ ਹੀ ਬੁੱਤਾ ਸਾਰਿਆ ਜਾਵੇਗਾ। ਸਾਂਝਾ ਅਧਿਆਪਕ ਮੋਰਚਾ ਨੇ ਇਸ ਫੈਸਲੇ ਵਿਰੁੱਧ 28 ਜਨਵਰੀ ਨੂੰ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਅਰੁਣ ਚੌਧਰੀ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ।