ਕੁਝ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਨ ਜਿੰਨ੍ਹਾਂ ਵਿੱਚ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਨਾਲ ਹੀ ਜਨਮ ਲੈਂਦੀ ਹੈ । ਉਹ ਲੋਕ ਭਾਵੁਕ, ਸਨਕੀ ਜਾਂ ਪਾਗਲ ਹੁੰਦੇ ਹਨ ਇਹ ਤਾਂ ਪਤਾ ਨਹੀਂ, ਪਰ ਉਹਨਾਂ ਵਿੱਚ ਆਮ ਲੋਕਾਂ ਨਾਲੋਂ ਕੁਝ ਅਲੱਗ ਜ਼ਰੂਰ ਹੁੰਦਾ ਹੈ । ਉਹਨਾਂ ਦੁਆਰਾ ਇਸ ਸੰਸਾਰ ਦੇ ਵਿਕਾਸ ਦੇ ਰਸਤੇ ‘ਤੇ ਪਾਈਆਂ ਪੈਡ਼ਾਂ ਕਦੇ ਵੀ ਨਾ-ਮਿਟਣ ਵਾਲੇ ਨਿਸ਼ਾਨ ਛੱਡ ਜਾਂਦੀਆਂ ਹਨ । ਉਹ ਲੋਕ ਸੰਸਾਰ ਦੇ ਇਤਿਹਾਸ ਦੇ ਆਕਾਸ਼ ਉੱਪਰ ਕਦੇ ਨਾ-ਟੁੱਟਣ ਵਾਲਾ ਅਤੇ ਸਦਾ ਰੌਸ਼ਨ ਰਹਿਣ ਵਾਲਾ ਤਾਰਾ ਬਣ ਕੇ ਚਮਕਦੇ ਹਨ,ਜਿੰਨ੍ਹਾਂ ‘ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਆਪਣੀ ਮੰਜ਼ਿਲ ਤਲਾਸ਼ਦੀਆਂ ਹਨ ।
ਇੱਕ ਇਸੇ ਹੀ ਤਰ੍ਹਾਂ ਹਮੇਸ਼ਾ ਜਗਮਗ-ਜਗਮਗ ਕਰਦਾ ਰਹਿਣ ਵਾਲਾ ਸਿਤਾਰਾ ਹੈ ਸ਼ਹੀਦ ਸ: ਕਰਤਾਰ ਸਿੰਘ ‘ਸਰਾਭਾ’।ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਸਬ ਤੋਂ ਪਹਿਲਾ ਸਿੱਖ ਹੈ ਜਿਸਨੇ ਹਵਾਈ ਜਹਾਜ ਦੀ ਟਰੇਨਿੰਗ ਲਈ ਸੀ। ਇਸਤੋਂ ਪਹਿਲਾਂ ਕਿਸੇ ਵੀ ਭਾਰਤੀ ਨੂੰ ਹਵਾਈ ਜਹਾਜ ਚਲਾਉਣਾ ਨਹੀਂ ਸੀ ਆਉਂਦਾ। ਗਦਰੀ ਬਾਬੇ ਸੋਹਣ ਸਿੰਘ ਭਕਨਾ ਦੀ ਇੱਕ ਰਚਨਾ ਅਨੁਸਾਰ ਸ.ਸਰਾਭੇ ਨੂੰ ਸੈਨਫਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਕਿਸੇ ਜਰਮਨ ਕੰਪਨੀ ਤੋਂ ਟਰੇਨਿੰਗ ਦਵਾਈ ਗਈ ਸੀ। ਸਰਦਾਰ ਸਰਾਭੇ ਦਾ ਨਾਮ ਲੈਂਦਿਆਂ ਅੱਖਾਂ ਸਾਹਮਣੇ ਇੱਕ ਸਿੱਖ ਨੌਜਵਾਨ ਦੀ ਤਸਵੀਰ ਆ ਜਾਂਦੀ ਹੈ ਜਿਹੜਾ ਆਜ਼ਾਦੀ ਖਾਤਿਰ ਸਿਰਫ 19 ਸਾਲ ਦੀ ਉਮਰ ਵਿਚ ਹੀ ਫਾਂਸੀ ਦੇ ਤਖਤੇ ਤੇ ਚੜ ਗਿਆ ਸੀ।24 ਮਈ 1896 ਨੂੰ ਜਨਮੇ ਸਰਦਾਰ ਸਰਾਭੇ ਦਾ ਸ਼ਹਾਦਤ ਤੱਕ ਦਾ ਸਫ਼ਰ ਹਰ ਮਨੁੱਖ ਲਈ ਪ੍ਰੇਰਨਾ ਸਰੋਤ ਹੈ ਜੋ ਆਜ਼ਾਦੀ ਦਾ ਝੰਡਾ ਬਰਦਾਰ ਹੈ।ਗਦਰ ਲਹਿਰ ਦਾ ਇਹ ਸੂਰਮਾ ਜਿਸਨੇ ਪਹਿਲਾਂ ਆਜ਼ਾਦੀ ਖਾਤਿਰ ਸਭ ਕੁਝ ਕੀਤਾ ਤੇ ਫਿਰ ਅਦਾਲਤ ਵਿਚ ਡਟਕੇ ਸ਼ਹਾਦਤ ਕਬੂਲ ਕੀਤੀ।ਇਸ ਸੂਰਮੇ ਦੀਆਂ ਵਿਚਾਰਾਂ ਨੇ ਬੱਬਰ ਅਕਾਲੀਆਂ ਦਾ ਅਧਾਰ ਬਣਾਇਆ।
ਇਸ ਸੂਰਮੇ ਦੀ ਫੋਟੋ ਸਦਾ ਹੀ ਭਗਤ ਸਿੰਘ ਦੀ ਜੇਬ ਵਿਚ ਹੁੰਦੀ ਸੀ।ਇਹ ਓਹੀ ਸਰਾਭਾ ਸੀ ਜਿਸਨੇ ਅਦਾਲਤ ਵਿਚ ਜੱਜ ਨੂੰ ਗੱਜਕੇ ਕਿਹਾ ਸੀ ਕਿ ਜੇ ਉਸਨੂੰ ਦੋਬਾਰਾ ਜਨਮ ਮਿਲੇ ਤਾਂ ਉਹ ਫਿਰ ਆਜ਼ਾਦੀ ਦਾ ਸੰਘਰਸ਼ ਕਰੇਗਾ ਅਤੇ ਹੁਣ ਵਾਂਗ ਹੀ ਆਪਣੇ ਆਦਰਸ਼ਾਂ ਤੋਂ ਕੁਰਬਾਨ ਹੋਵਾਂਗਾ।ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਲਈ ਘਾਲੀ ਗਈ ਘਾਲਣਾ ਵਿੱਚ ਸ:ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਅਣਮੋਲ,ਕਦੇ ਨਾ-ਭੁੱਲਣ ਵਾਲਾ ਅਤੇ ਸ਼ਲਾਂਘਾਯੋਗ ਹੈ । 1912 ਵਿੱਚ ਜਦੋਂ ਪਾਣੀ ਵਾਲੇ ਜ਼ਹਾਜ ਰਾਹੀਂ ਕਰਤਾਰ ਸਿੰਘ ਸਨਫਰਾਂਸਿਸਕੋ ਗਿਆ ਤਾਂ ਉੱਥੇ ਅਮਰੀਕੀ ਸਿਪਾਹੀਆਂ ਦੇ ਭਾਰਤੀਆਂ ਪ੍ਰਤੀ ਵਰਤੇ ਗਏ ਘਟੀਆ ਤਰੀਕੇ ਨੇ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਇਸ ਛੋਟੇ ਜਿਹੇ ਕਰਤਾਰ ਸਿੰਘ ਦੇ ਦਿਲ ਅਤੇ ਮਨ ਨੇ ਇਹ ਮਹਿਸੂਸ ਕੀਤਾ ਕਿ ‘ਗੁਲਾਮੀ ਸਭ ਤੋਂ ਵੱਡਾ ਸਰਾਪ ਹੈ’ ।
ਗੁਲਾਮੀ ਦੇ ਇਸੇ ਸਰਾਪ ਤੋਂ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਕਰਤਾਰ ਸਿੰਘ ਨੇ 21 ਅਪ੍ਰੈਲ 1913 ਈ: ਨੂੰ ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਆਦਿ ਨਾਲ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ ਅਤੇ ਲੋਕਾਂ ਵਿੱਚ ਅਜ਼ਾਦੀ ਦੀ ਪ੍ਰਾਪਤੀ ਲਈ ਜੋਸ਼ ਭਰਨ ਲਈ ਪਾਰਟੀ ਦਾ ਨਾਅਰਾ: ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿਓ ਰੱਖਿਆ । 1 ਨਵੰਬਰ 1913 ਈ: ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ‘ਗ਼ਦਰ’ ਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ । ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਅਖ਼ਬਾਰ ਪੰਜਾਬੀ ਤੋਂ ਇਲਾਵਾ ਉਰਦੂ,ਹਿੰਦੀ, ਗੁਜਰਾਤੀ, ਬੰਗਾਲੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ ।