ਦੇਸ਼ ਦੇ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਝਟਕਾ ਦੇਣ ਦੀ ਤਿਆਰੀ ‘ਚ ਹਨ। 20 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਉਨ੍ਹਾਂ ਸੇਵਾਵਾਂ ‘ਤੇ ਚਾਰਜ ਲਾਉਣ ਜਾ ਰਹੇ ਹਨ, ਜੋ ਹੁਣ ਤਕ ਗਾਹਕਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਸੁਵਿਧਾਵਾਂ ‘ਤੇ ਚਾਰਜ ਲਾਇਆ ਜਾ ਸਕਦਾ ਹੈ ਉਨ੍ਹਾਂ ‘ਚ ਪੈਸਾ ਕਢਵਾਉਣ, ਜਮ੍ਹਾ ਕਰਾਉਣ, ਮੋਬਾਇਲ ਨੰਬਰ ਬਦਲਾਉਣ, ਕੇ. ਵਾਈ. ਸੀ., ਪਤਾ ਬਦਲਾਉਣ, ਨੈੱਟ ਬੈਂਕਿੰਗ ਅਤੇ ਚੈੱਕ ਬੁੱਕ ਲਈ ਅਪਲਾਈ ਕਰਨ ਵਰਗੇ ਕੰਮ ਸ਼ਾਮਲ ਹਨ।
ਖਬਰਾਂ ਮੁਤਾਬਕ, 20 ਜਨਵਰੀ ਤੋਂ ਸੈਲਫ ਚੈੱਕ ਜ਼ਰੀਏ 50,000 ਰੁਪਏ ਦੀ ਰਕਮ ਕਢਾਉਣ ‘ਤੇ 10 ਰੁਪਏ ਦਾ ਚਾਰਜ ਲੱਗੇਗਾ। ਇਸ ਦੇ ਇਲਾਵਾ ਬਚਤ ਖਾਤੇ ‘ਚ ਇਕ ਦਿਨ ‘ਚ ਸਿਰਫ 2 ਲੱਖ ਰੁਪਏ ਤਕ ਦੀ ਰਕਮ ਜਮ੍ਹਾ ਕਰਾਈ ਜਾ ਸਕੇਗੀ ਪਰ ਰੋਜ਼ਾਨਾ 50,000 ਰੁਪਏ ਹੀ ਬਿਨਾਂ ਚਾਰਜ ਦੇ ਜਮ੍ਹਾ ਹੋ ਸਕਣਗੇ। ਉਸ ਦੇ ਬਾਅਦ ਪ੍ਰਤੀ ਹਜ਼ਾਰ 2.50 ਰੁਪਏ ਦੀ ਫੀਸ ਹੋਵੇਗੀ।
ਉੱਥੇ ਹੀ ਚਾਲੂ ਖਾਤੇ ‘ਚ 25,000 ਰੁਪਏ ਜਮ੍ਹਾ ਕਰਨਾ ਮੁਫਤ ਹੋਵੇਗਾ, ਉਸ ਦੇ ਬਾਅਦ ਪ੍ਰਤੀ ਹਜ਼ਾਰ 2.50 ਰੁਪਏ ਫੀਸ ਲੱਗੇਗੀ। ਖਬਰਾਂ ਮੁਤਾਬਕ, ਇੰਟਰਨੈੱਟ, ਮੋਬਾਇਲ ਬੈਂਕਿੰਗ ਲੈਣ ਲਈ ਵੀ 25 ਰੁਪਏ ਦੀ ਫੀਸ ਲੱਗੇਗੀ। ਪਿਨ ਅਤੇ ਪਾਸਵਰਡ ਨਵਾਂ ਲੈਣ ਜਾਂ ਬਦਲਣ ਲਈ ਵੀ 10 ਰੁਪਏ ਦੇਣੇ ਹੋਣਗੇ। ਜੇਕਰ ਖਬਰਾਂ ਮੁਤਾਬਕ, ਚਾਰਜ ਲਾਏ ਜਾਂਦੇ ਹਨ ਤਾਂ ਆਮ ਆਦਮੀ ਦੀ ਜੇਬ ਕੱਟਣੀ ਤੈਅ ਹੈ।
ਦੂਜੀ ਬਰਾਂਚ ‘ਚ ਟ੍ਰਾਂਜੈਕਸ਼ਨ ‘ਤੇ ਵੀ ਦੇਣਾ ਹੋਵੇਗਾ ਚਾਰਜ
ਜਾਣਕਾਰੀ ਮੁਤਾਬਕ, ਜਿਸ ਬੈਂਕ ਦੀ ਬਰਾਂਚ ‘ਚ ਤੁਹਾਡਾ ਖਾਤਾ ਹੈ, ਉਸ ਦੀ ਕਿਸੇ ਦੂਜੀ ਬਰਾਂਚ ‘ਚ ਜਾ ਕੇ ਬੈਂਕਿੰਗ ਸੇਵਾ ਲੈਣ ‘ਤੇ ਵੀ ਚਾਰਜ ਦੇਣਾ ਪਵੇਗਾ। ਇੰਨਾ ਹੀ ਨਹੀਂ ਇਨ੍ਹਾਂ ਚਾਰਜ ‘ਤੇ ਜੀ. ਐੱਸ. ਟੀ. ਵੀ ਲੱਗੇਗਾ। ਇਸ ਦੇ ਲਈ ਬੈਂਕ ਤੁਹਾਨੂੰ ਵੱਖ ਤੋਂ ਚਾਰਜ ਨਹੀਂ ਕਰੇਗਾ ਸਗੋਂ ਜੋ ਵੀ ਚਾਰਜ ਹੋਵੇਗਾ ਉਹ ਤੁਹਾਡੇ ਖਾਤੇ ‘ਚੋ ਕੱਟ ਲਿਆ ਜਾਵੇਗਾ।
ਬੈਂਕ ਨਾਲ ਜੁੜੇ ਸੂਤਰਾਂ ਮੁਤਾਬਕ, ਨਵੇਂ ਚਾਰਜਾਂ ਨੂੰ ਲੈ ਕੇ ਅੰਦਰੂਨੀ ਹੁਕਮ ਮਿਲ ਚੁੱਕੇ ਹਨ।
ਸੂਤਰਾਂ ਮੁਤਾਬਕ ਸਾਰੇ ਬੈਂਕ ਆਰ. ਬੀ. ਆਈ. ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਨਿਯਮਾਂ ਮੁਤਾਬਕ ਸੰਬੰਧਤ ਬੈਂਕਾਂ ਦਾ ਬੋਰਡ ਸਾਰੀਆਂ ਸੇਵਾਵਾਂ ‘ਤੇ ਲੱਗਣ ਵਾਲੇ ਚਾਰਜ ਦਾ ਫੈਸਲਾ ਲੈਂਦਾ ਹੈ। ਬੋਰਡ ਦੀ ਮਨਜ਼ੂਰੀ ਮਿਲਣ ਦੇ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਂਦਾ ਹੈ। ਬੈਂਕਾਂ ਦੇ ਇਸ ਕਦਮ ਨਾਲ ਦੇਸ਼ ਭਰ ਦੇ ਸਾਰੇ ਖਾਤਾ ਧਾਰਕ ਪ੍ਰਭਾਵਿਤ ਹੋਣਗੇ।
ਖਬਰਾਂ ਮੁਤਾਬਕ ਕੁਝ ਬੈਂਕਰਾਂ ਨੇ ਇਸ ਕਦਮ ਨੂੰ ਸਹੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਤਾ ਧਾਰਕ ਜੇਕਰ ਆਪਣੀ ਹੋਮ ਬਰਾਂਚ ਦੇ ਇਲਾਵਾ ਕਿਸੇ ਹੋਰ ਬਰਾਂਚ ਤੋਂ ਬੈਂਕਿੰਗ ਸੇਵਾਵਾਂ ਲੈਂਦਾ ਹੈ ਤਾਂ ਚਾਰਜ ਲਾਉਣਾ ਚਾਹੀਦਾ ਹੈ। ਹਾਲਾਂਕਿ ਆਨਲਾਈਨ ਬੈਂਕਿੰਗ, ਏ. ਟੀ. ਐੱਮ. ਅਤੇ ਕਿਓਸਕ ਮਸ਼ੀਨਾਂ ‘ਚ ਪਾਸਬੁੱਕ ਅਪਡੇਟ ਅਤੇ ਪੈਸਿਆਂ ਦਾ ਲੈਣ-ਦੇਣ ਹੁਣ ਵੀ ਮੁਫਤ ਕੀਤਾ ਜਾ ਸਕੇਗਾ।