ਪਟਿਆਲਾ ਜ਼ਿਲੇ੍ ਦਾ ਪਿੰਡ ਕੱਲਰਮਾਜਰੀ ਪਰਾਲੀ ਨਾ ਫੂਕਣ ਦੇ ਮਾਮਲੇ ‘ਚ ਖੇਤੀ ਵਿਭਾਗ ਨੇ ਮਾਡਲ ਪਿੰਡ ਵਜੋਂ ਚੁਣ ਲਿਆ ਹੈ | ਹੁਣ ਕੌਮੀ ਖੇਤੀ ਟਿ੍ਬਿਊਨਲ ਨੇ ਇਸ ਪਿੰਡ ਦੇ ਕਰੀਬ 21 ਕਿਸਾਨਾਂ ਨੂੰ 13 ਅਕਤੂਬਰ ਨੂੰ ਪੇਸ਼ ਹੋਣ ਲਈ ਆਖਿਆ ਹੈ ਤੇ ਟਿ੍ਬਿਊਨਲ ਉਨ੍ਹਾਂ ਤੋਂ ਇਹ ਜਾਣਕਾਰੀ ਪ੍ਰਾਪਤ ਕਰੇਗਾ ਕਿ ਉਹ ਕਿਸ ਤਰੀਕੇ ਨਾਲ ਪਰਾਲੀ ਨੂੰ ਬਿਲੇ ਲਾ ਰਹੇ ਹਨ |
ਖੇਤੀ ਵਿਭਾਗ ਇਨ੍ਹਾਂ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਅਤੇ ਗਰੀਨ ਟਿ੍ਬਿਊਨਲ ਕੋਲ ਪੇਸ਼ ਕਰੇਗਾ | 500 ਏਕੜ ਰਕਬੇ ਵਾਲੇ ਇਸ ਪਿੰਡ ਨੇ ਫ਼ੈਸਲਾ ਕੀਤਾ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ |
ਮੁੱਖ ਖੇਤੀਬਾੜੀ ਅਧਿਕਾਰੀ ਡਾ. ਅਰਵਿੰਦਰ ਸਿੰਘ ਦੇ ਯਤਨਾਂ ਸਦਕਾ ਇੱਥੇ ਪੰਜਾਬ ਖੇਤੀ ਵਿਭਾਗ ਦੇ ਨਿਰਦੇਸ਼ਕ ਡਾ. ਜਸਬੀਰ ਸਿੰਘ ਬੈਂਸ ਵੀ ਪਹੁੰਚੇ ਸਨ ਜਿਨ੍ਹਾਂ ਨੇ ਪਿੰਡ ਦੇ ਕਿਸਾਨਾਂ ਨੂੰ ਇਕੱਤਰ ਕਰਕੇ ਪਰਾਲੀ ਨਾ ਫੂਕਣ ਲਈ ਜਾਗਰੂਕ ਕੀਤਾ ਸੀ | ਖੇਤੀ ਅਧਿਕਾਰੀਆਂ ਨੇ ਪਰਾਲੀ ਤੋਂ ਬਣ ਰਹੀਆਂ ਗੱਠਾਂ ਵਾਲੀ ਮਸ਼ੀਨ ਨੂੰ ਵੀ ਚੱਲਦੇ ਦੇਖਿਆ | ਪਿੰਡ ਦੇ ਅਗਾਂਹਵਧੂ ਕਿਸਾਨ ਬੀਰਦਲਵਿੰਦਰ ਸਿੰਘ ਜਿਸ ਨੇ ਪਰਾਲੀ ਨਾ ਸਾੜਨ ਵਾਲੇ ਮਾਮਲੇ ‘ਚ ਮੁੱਖ ਭੂਮਿਕਾ ਨਿਭਾਈ ਹੈ ਉਨ੍ਹਾਂ ਦੇ ਪਿੰਡ ਨੇ ਸਰਬਸੰਮਤੀ ਨਾਲ ਹੀ ਫ਼ੈਸਲਾ ਕੀਤਾ ਹੈ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਾਉਗੇ | ਉਨ੍ਹਾਂ ਆਖਿਆ ਕਿ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨ ਬਾਰੇ ਵੀ ਹੋਰਨਾਂ ਨੂੰ ਜਾਣੂ ਕਰਵਾਇਆ ਗਿਆ |
ਮੁੱਖ ਖੇਤੀਬਾੜੀ ਅਫਸਰ ਡਾ. ਅਰਵਿੰਦਰ ਸਿੰਘ ਤੇ ਖੇਤੀ ਅਧਿਕਾਰੀ ਡਾ. ਚੱਠਾ ਨੇ ਦੱਸਿਆ ਕਿ ਖੇਤੀ ਵਿਭਾਗ ਨੇ ਇਸ ਪਿੰਡ ਲਈ ਕਈ ਕੰਪਨੀਆਂ ਨਾਲ ਗੱਲ ਕੀਤੀ ਤੇ ਪਿੰਡ ਲਈ ਹੈਪੀ ਸੀਡਰ, ਚੌਪਰ, ਮਲਚਰ, ਮੋਲਡ ਲੈਮਨਨ ਬੋਡ ਪਲਾਉ, ਉਹ ਕੰਬਾਈਨਾਂ ਜਿਨ੍ਹਾਂ ਨਾਲ ਪਰਾਲੀ ਨਸ਼ਟ ਕਰਨ ਵਾਲਾ ਯੰਤਰ ਲੱਗਿਆ ਹੋਇਆ ਹੈ, ਬੇਲਰ ਆਦਿ ਮੁਹੱਈਆ ਕਰਵਾਏ ਹਨ | ਇੱਥੇ ਮਲਚਰ ਮਸਚੀਉ ਕੰਪਨੀ ਦਾ ਮੁਹੱਈਆ ਕਰਵਾਇਆ ਗਿਆ ਹੈ |
ਇਸ ਮੌਕੇ ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਗਿਆ ਹੈ | ਪਰਾਲੀ ਨੂੰ ਇਕੱਠਾ ਕਰਕੇ ਗੱਠਾਂ ਬਣਾਉਣ ਵਾਲੀ ਮਸ਼ੀਨ ਇਕੱਠੇ 50 ਏਕੜ ਨੂੰ ਲੈਂਦੀ ਹੈ ਤੇ ਚੰਦ ਘੰਟਿਆਂ ‘ਚ ਹੀ ਗੱਠਾਂ ਬਣਾ ਦਿੰਦੀ ਹੈ | ਪਤਾ ਲੱਗਾ ਹੈ ਕਿ ਗੱਠਾਂ ਬਣਾਉਣ ਵਾਲੀ ਮਸ਼ੀਨ ਦੇ ਮਾਲਕ ਭਾਵੇਂ ਹਾਲ ਦੀ ਘੜੀ ਕਿਸਾਨਾਂ ਨੂੰ ਕੁਝ ਨਹੀਂ ਦੇਣਗੇ ਪਰ ਕਿਸਾਨਾਂ ਦੇ ਪਰਾਲੀ ਨਸ਼ਟ ਕਰਨ ‘ਤੇ ਖ਼ਰਚ ਵੀ ਨਹੀਂ ਹੋਵੇਗਾ | ਬਾਅਦ ‘ਚ ਕਿਸਾਨ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਕਰ ਲੈਣਗੇ | ਮੁੱਖ ਖੇਤੀਬਾੜੀ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਸੰਪਰਕ ਕਰ ਲਿਆ ਹੈ ਤੇ ਉਹ ਕਿਸਾਨਾਂ ਨੂੰ 13 ਅਕਤੂਬਰ ਨੂੰ ਗਰੀਨ ਟਿ੍ਬਿਊਨਲ ਅੱਗੇ ਪੇਸ਼ ਕਰਨਗੇ |